July 27, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੁਖਬੀਰ ਬਾਦਲ ਵੱਲੋਂ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ; 30 ਜੁਲਾਈ ਦੇ ਬੰਦ ‘ਤੇ ਅੜੇ ਪ੍ਰਦਰਸ਼ਨਕਾਰੀ

ਸੁਖਬੀਰ ਬਾਦਲ ਵੱਲੋਂ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ; 30 ਜੁਲਾਈ ਦੇ ਬੰਦ 'ਤੇ ਅੜੇ ਪ੍ਰਦਰਸ਼ਨਕਾਰੀ

ਬਰਨਾਲਾ-  ਬਰਨਾਲਾ ਵਿੱਚ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਕਥਿਤ ਪੁਲੀਸ ਲਾਠੀਚਾਰਜ ਦੇ ਪੰਜ ਦਿਨ ਬਾਅਦ ਵੀ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਸ਼ਹਿਰ ਵਿੱਚ ਆਉਣਾ ਜਾਰੀ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਚੱਲ ਰਹੇ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ।

ਇਸ ਤੋਂ ਪਹਿਲਾਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਆਗੂ ਤਰਸੇਮ ਸਿੰਘ ਖਾਲਸਾ, ਜੋ ਕਿ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਹਨ, ਵੀ ਇੱਥੇ ਆ ਚੁੱਕੇ ਹਨ। ਵਿਰੋਧੀ ਧਿਰ ਦੇ ਆਗੂਆਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਜੇ ਉਨ੍ਹਾਂ ਦੀਆਂ ਪਾਰਟੀਆਂ ਸੂਬੇ ਵਿੱਚ ਸੱਤਾ ਵਿੱਚ ਆਉਂਦੀਆਂ ਹਨ, ਤਾਂ ਉਹ ਲਾਠੀਚਾਰਜ ਵਿੱਚ ਕਥਿਤ ਤੌਰ ‘ਤੇ ਸ਼ਾਮਲ ਪੁਲੀਸ ਕਰਮੀਆਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਨਗੀਆਂ।

ਸਫ਼ਾਈ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿੱਚ ਵਾਪਸੀ ਕਰਨ ‘ਤੇ ਪੁਲੀਸ ਵਾਲਿਆਂ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲੀਸ ਨੇ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ‘ਆਪ’ ਦੀ ਮਦਦ ਕੀਤੀ ਸੀ ਅਤੇ ਦਾਅਵਾ ਕੀਤਾ ਕਿ ਸਫ਼ਾਈ ਕਰਮਚਾਰੀਆਂ ਨੂੰ ਪਿਛਲੀ ਅਕਾਲੀ ਦਲ ਸਰਕਾਰ ਦੌਰਾਨ ਪੱਕਾ ਕੀਤਾ ਗਿਆ ਸੀ, ਪਰ ਮੌਜੂਦਾ ਸਰਕਾਰ ਤੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਹਰ ਪਰਿਵਾਰ ਨੂੰ ਪ੍ਰਤੀ ਮਹੀਨਾ ਦਾਲਾਂ ਦੇਣ ਤੋਂ ਇਲਾਵਾ 50 ਕਿਲੋ ਕਣਕ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇਵੇਗਾ, ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸ਼ਗਨ ਦੀ ਰਕਮ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਜਾਵੇਗਾ।

ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਤੀਰਥ ਸਥਾਨ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਨੇ ਇਸ ਦਾ ਸੁੰਦਰੀਕਰਨ ਕਰਵਾਇਆ ਸੀ। ਉਨ੍ਹਾਂ ਕਥਿਤ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਸੰਬੰਧਿਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਜੇ ਕੇਂਦਰੀ ਸਿੱਖਿਆ ਮੰਤਰੀ ਅਸਤੀਫ਼ਾ ਦੇ ਸਕਦੇ ਹਨ, ਤਾਂ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਵੀ “ਸੂਬੇ ਵਿੱਚ ਛੇ ਪੇਪਰ ਲੀਕ ਘਟਨਾਵਾਂ” ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ, ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਹੈ। ਹਾਲਾਂਕਿ, ਸਫ਼ਾਈ ਕਰਮਚਾਰੀਆਂ ਨੇ ਉਨ੍ਹਾਂ ਦੇ ਬਿਆਨਾਂ ਨੂੰ ਇੱਕ ਦਿਖਾਵਾ ਐਲਾਨਦਿਆਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਦੋਵਾਂ ਆਗੂਆਂ ਨੇ ਇਹ ਬਿਆਨ ਸਿਰਫ਼ ਉਦੋਂ ਦਿੱਤੇ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ।

ਸੁਖਬੀਰ ਬਾਦਲ ਵੱਲੋਂ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ; 30 ਜੁਲਾਈ ਦੇ ਬੰਦ 'ਤੇ ਅੜੇ ਪ੍ਰਦਰਸ਼ਨਕਾਰੀ

ਪ੍ਰਦਰਸ਼ਨਕਾਰੀ ਬਰਨਾਲਾ ਦੇ ਤਤਕਾਲੀ ਡੀ.ਐੱਸ.ਪੀ. ਸਤਵੀਰ ਸਿੰਘ(ਹੁਣ ਮੁਅੱਤਲ) ਅਤੇ ਤਤਕਾਲੀ ਬਰਨਾਲਾ ਸਿਟੀ-1 ਐੱਸ.ਐੱਚ.ਓ. ਲਖਵਿੰਦਰ ਸਿੰਘ, ਜਿਸ ਨੂੰ ਪੁਲੀਸ ਲਾਈਨਜ਼ ਤਬਦੀਲ ਕਰ ਦਿੱਤਾ ਗਿਆ ਹੈ, ਨੂੰ ਬਰਖਾਸਤ ਕਰਨ, ਕਥਿਤ ਹਮਲੇ ਵਿੱਚ ਸ਼ਾਮਲ ਪੁਲੀਸ ਵਾਲਿਆਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਅਤੇ ਸੇਵਾਵਾਂ ਨੂੰ ਪੱਕਾ ਕਰਨ ਸਬੰਧੀ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐੱਸ.ਐੱਸ.ਪੀ. ਮੁਹੰਮਦ ਸਰਫਰਾਜ਼ ਆਲਮ ਨੇ ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖ਼ਮੀ ਕਰਮਚਾਰੀਆਂ ਨੂੰ ਪੁਲੀਸ ਨੂੰ ਆਪਣੇ ਬਿਆਨ ਦੇਣ ਲਈ ਕਿਹਾ। ਹਾਲਾਂਕਿ, ਕੁਝ ਕਰਮਚਾਰੀਆਂ ਨੇ ਕਿਹਾ ਕਿ ਉਹ ਪਹਿਲਾਂ ਇਸ ਮਾਮਲੇ ‘ਤੇ ਆਪਣੀ ਯੂਨੀਅਨ ਨਾਲ ਚਰਚਾ ਕਰਨਗੇ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕਿ ਸੋਸ਼ਲ ਮੀਡੀਆ ‘ਤੇ ਇੱਕ ਮੁਹਿੰਮ ਚੱਲ ਰਹੀ ਹੈ, ਜਿਸ ਵਿੱਚ ਕੁਝ ਯੂਜ਼ਰਸ ਦਾ ਤਰਕ ਹੈ ਕਿ ਕਰਮਚਾਰੀਆਂ ਨੇ ਪ੍ਰਦਰਸ਼ਨ ਦੌਰਾਨ ਮੁਸ਼ਕਲ ਹਾਲਾਤਾਂ ਵਿੱਚ ਕੰਮ ਕੀਤਾ ਸੀ। ਬਰਨਾਲਾ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਯੂਨੀਅਨ 30 ਜੁਲਾਈ ਨੂੰ ਪੰਜਾਬ ਬੰਦ ਦੇ ਆਪਣੇ ਸੱਦੇ ‘ਤੇ ਕਾਇਮ ਹੈ ਅਤੇ ਜਦੋਂ ਤੱਕ ਜ਼ਖ਼ਮੀ ਕਰਮਚਾਰੀਆਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

ਕਾਬਿਲੇਗੌਰ ਹੈ ਕਿ 22 ਜੁਲਾਈ ਨੂੰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਮਦਦ ਨਾਲ ਕੂੜਾ ਚੁੱਕਣਾ ਸ਼ੁਰੂ ਕਰਨ ਤੋਂ ਬਾਅਦ ਹੋਈਆਂ ਝੜਪਾਂ ਵਿੱਚ 18 ਸਫ਼ਾਈ ਕਰਮਚਾਰੀ ਅਤੇ ਚਾਰ ਪੁਲੀਸ ਕਰਮੀ ਜ਼ਖ਼ਮੀ ਹੋ ਗਏ ਸਨ। ਕਰਮਚਾਰੀਆਂ ਨੇ ਐੱਸ.ਡੀ. ਕਾਲਜ ਨੇੜੇ ਇਸ ਕਦਮ ਦਾ ਵਿਰੋਧ ਕੀਤਾ, ਜਿੱਥੇ ਪੁਲੀਸ ਨੇ ਕਥਿਤ ਤੌਰ ‘ਤੇ ਲਾਠੀਚਾਰਜ ਕੀਤਾ। ਬਾਅਦ ਵਿੱਚ ਜਦੋਂ ਪ੍ਰਦਰਸ਼ਨਕਾਰੀ ਹੰਡਿਆਇਆ ਬਾਜ਼ਾਰ ਵਿੱਚ ਇਕੱਠੇ ਹੋਏ ਅਤੇ ਕਥਿਤ ਤੌਰ ‘ਤੇ ਪੁਲੀਸ ’ਤੇ ਕੂੜਾ ਸੁੱਟਿਆ, ਤਾਂ ਲਾਠੀਚਾਰਜ ਕੀਤਾ ਗਿਆ। ਸਫ਼ਾਈ ਕਰਮਚਾਰੀ ਪਹਿਲਾਂ ਹੀ ਆਪਣੀਆਂ ਸੇਵਾਵਾਂ ਪੱਕਾ ਕਰਵਾਉਣ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਹੜਤਾਲ ‘ਤੇ ਸਨ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਕੂੜਾ ਜਮ੍ਹਾਂ ਹੋ ਰਿਹਾ ਸੀ। ਅੱਜ ਹਸਪਤਾਲ ਵਿੱਚ ਇੱਕ ਜ਼ਖ਼ਮੀ ਕਰਮਚਾਰੀ ਦੀ ਬਾਂਹ ਦੀ ਹੱਡੀ ਟੁੱਟਣ ਕਾਰਨ ਉਸ ਦਾ ਅਪਰੇਸ਼ਨ ਵੀ ਕੀਤਾ ਗਿਆ ਹੈ।

Related posts

Rhea Kapoor ਦੀਆਂ 1.35 ਕਰੋੜ ਦੀਆਂ ਵਾਲੀਆਂ ਨਿਊਯਾਰਕ ‘ਚ ਚੋਰੀ; ਮੁੰਬਈ ‘ਚ FIR ਦਰਜ

Current Updates

ਦਿਲਜੀਤ ਦੋਸਾਂਝ ਭਾਰਤ ’ਚ ਲਾਈਵ ਸ਼ੋਅ ਦੇ ਪ੍ਰਬੰਧਾਂ ਤੋਂ ਨਾਖੁਸ਼

Current Updates

ED ਦੀ ਕਾਰਵਾਈ ਖ਼ਿਲਾਫ਼ ਸੰਜੀਵ ਅਰੋੜਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਗ੍ਰਿਫ਼ਤਾਰੀ ਤੋਂ ਬਚਣ ਲਈ ਪਾਈ ਪਟੀਸ਼ਨ

Current Updates

Leave a Comment