October 25, 2026
ਖਾਸ ਖ਼ਬਰਰਾਸ਼ਟਰੀ

ਪੱਛਮੀ ਏਸ਼ੀਆ ਤਣਾਅ ਕਾਰਨ ਕੱਚਾ ਤੇਲ 120 ਡਾਲਰ ਦੇ ਕਰੀਬ ਪੁੱਜਣ ਦਾ ਖ਼ਦਸ਼ਾ: ਵਿਸ਼ਲੇਸ਼ਕ

ਪੱਛਮੀ ਏਸ਼ੀਆ ਤਣਾਅ ਕਾਰਨ ਕੱਚਾ ਤੇਲ 120 ਡਾਲਰ ਦੇ ਕਰੀਬ ਪੁੱਜਣ ਦਾ ਖ਼ਦਸ਼ਾ: ਵਿਸ਼ਲੇਸ਼ਕ

ਨਵੀਂ ਦਿੱਲੀ- ਪੱਛਮੀ ਏਸ਼ੀਆ ਵਿੱਚ ਵੱਧ ਰਹੇ ਆਲਮੀ ਤਣਾਅ ਕਾਰਨ ਅਗਲੇ ਹਫ਼ਤੇ ਵੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦਾ ਦੌਰ ਜਾਰੀ ਰਹਿਣ ਦਾ ਖ਼ਦਸ਼ਾ ਹੈ। ਇਸ ਨਾਲ ਸਪਲਾਈ ਵਿੱਚ ਰੁਕਾਵਟ ਆਉਣ ਦੀਆਂ ਚਿੰਤਾਵਾਂ ਬਣੀਆਂ ਹੋਈਆਂ ਹਨ। ਉੱਥੇ ਹੀ, ਅਮਰੀਕੀ ਫੈਡਰਲ ਰਿਜ਼ਰਵ ਦਾ ਮੁਦਰਾ ਨੀਤੀ (Monetary Policy) ਸਬੰਧੀ ਫੈਸਲਾ ਬਾਜ਼ਾਰ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਵਿਸ਼ਲੇਸ਼ਕਾਂ ਨੇ ਇਹ ਰਾਏ ਪ੍ਰਗਟਾਈ ਹੈ।

ਬਰੈਂਟ ਕੱਚੇ ਤੇਲ ਦੀ ਕੀਮਤ 117 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰਨ ਦੇ ਵਿਚਕਾਰ, ਨਿਵੇਸ਼ਕਾਂ ਦੀ ਨਜ਼ਰ ਹਰਮੁਜ਼ ਜਲਮਾਰਗ (Strait of Hormuz) ਨਾਲ ਜੁੜੇ ਘਟਨਾਕ੍ਰਮ, ਊਰਜਾ ਦੇ ਬੁਨਿਆਦੀ ਢਾਂਚੇ ‘ਤੇ ਹਮਲੇ ਦੇ ਖ਼ਦਸ਼ਿਆਂ ਅਤੇ ਅਮਰੀਕਾ ਦੇ ਹਫ਼ਤਾਵਾਰੀ ਤੇਲ ਭੰਡਾਰ ਦੇ ਅੰਕੜਿਆਂ ‘ਤੇ ਰਹੇਗੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਅਮਰੀਕੀ ਪੈਟਰੋਲੀਅਮ ਸੰਸਥਾਨ ਅਤੇ ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ ਆਪਣੇ ਹਫ਼ਤਾਵਾਰੀ ਭੰਡਾਰ ਦੇ ਅਨੁਮਾਨ ਜਾਰੀ ਕਰਨਗੇ। ਇਸ ਤੋਂ ਇਲਾਵਾ, ਕੁਸ਼ਿੰਗ ਵਿੱਚ ਕੱਚੇ ਤੇਲ ਦਾ ਭੰਡਾਰ ਅਤੇ 27-28 ਅਕਤੂਬਰ ਨੂੰ ਹੋਣ ਵਾਲੀ ਅਮਰੀਕੀ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮੀਟਿੰਗ ਵੀ ਬਾਜ਼ਾਰ ਲਈ ਅਹਿਮ ਰਹੇਗੀ।

ਰੇਲੀਗੇਅਰ ਬ੍ਰੋਕਿੰਗ ਦੇ ਸੀਨੀਅਰ ਮੀਤ ਪ੍ਰਧਾਨ (ਖੋਜ) ਅਜੀਤ ਮਿਸ਼ਰਾ ਨੇ ਕਿਹਾ, “ਨੇੜਲੇ ਭਵਿੱਖ ਵਿੱਚ ਕੀਮਤਾਂ ਦਾ ਰੁਝਾਨ ਤੇਜ਼ੀ ਵਾਲਾ ਹੈ, ਪਰ ਇਹ ਕਾਫ਼ੀ ਹੱਦ ਤੱਕ ਖ਼ਬਰਾਂ ਤੋਂ ਪ੍ਰਭਾਵਿਤ ਹੋਵੇਗਾ। ਕਾਰੋਬਾਰੀਆਂ ਨੂੰ ਕੀਮਤਾਂ ਵਿੱਚ ਤੇਜ਼ ਉਛਾਲ ਦੇ ਪਿੱਛੇ ਭੱਜਣ ਤੋਂ ਬਚਣਾ ਚਾਹੀਦਾ ਹੈ ਅਤੇ ਅਗਲੀ ਦਿਸ਼ਾ ਦੀ ਪੁਸ਼ਟੀ ਲਈ ਆਲਮੀ ਘਟਨਾਕ੍ਰਮ, ਫੈਡਰਲ ਰਿਜ਼ਰਵ ਦੇ ਸੰਕੇਤਾਂ ਅਤੇ ਹਫ਼ਤਾਵਾਰੀ ਭੰਡਾਰ ਦੇ ਅੰਕੜਿਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ।”

ਉਨ੍ਹਾਂ ਕਿਹਾ ਕਿ ਊਰਜਾ ਬੁਨਿਆਦੀ ਢਾਂਚੇ ਜਾਂ ਹਰਮੁਜ਼ ਜਲਮਾਰਗ ਰਾਹੀਂ ਹੋਣ ਵਾਲੀ ਸਮੁੰਦਰੀ ਆਵਾਜਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆਉਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਉੱਥੇ ਹੀ, ਤਣਾਅ ਘੱਟ ਕਰਨ ਦੀ ਦਿਸ਼ਾ ਵਿੱਚ ਠੋਸ ਪ੍ਰਗਤੀ ਹੋਣ ‘ਤੇ ਕੀਮਤਾਂ ਵਿੱਚ ਭਾਰੀ ਗਿਰਾਵਟ ਵੀ ਆ ਸਕਦੀ ਹੈ।

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਜਿਣਸ ਖੋਜ (Commodity Research) ਮੁਖੀ ਨਵਨੀਤ ਦਮਾਨੀ ਨੇ ਕਿਹਾ, “ਹਰਮੁਜ਼ ਜਲਮਾਰਗ ਅਤੇ ਸਾਊਦੀ ਅਰਬ ਦੇ ਆਲੇ-ਦੁਆਲੇ ਹਮਲਿਆਂ ਵਿੱਚ ਤੇਜ਼ੀ ਆਉਣ ਨਾਲ ਬਾਜ਼ਾਰ ਦਾ ਧਿਆਨ ਮੁੜ ਊਰਜਾ ਬੁਨਿਆਦੀ ਢਾਂਚੇ ਅਤੇ ਬਰਾਮਦ (ਨਿਰਯਾਤ) ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ‘ਤੇ ਕੇਂਦਰਿਤ ਹੋ ਗਿਆ ਹੈ।”

ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ਦੇ ਊਰਜਾ ਬੁਨਿਆਦੀ ਢਾਂਚੇ, ਜਿਸ ਵਿੱਚ ਨਤਾਂਜ਼ (Natanz) ਦੇ ਨੇੜੇ ਸਥਿਤ ਪਰਮਾਣੂ ਟਿਕਾਣੇ ਵੀ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਤਿਆਰ ਕੀਤੇ ਜਾਣ ਸਬੰਧੀ ਖ਼ਬਰਾਂ ਨੇ ਵੀ ਚਿੰਤਾ ਵਧਾਈ ਹੈ।

Related posts

‘ਆਪ’ ਨੂੰ ਝਟਕਾ, ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਹਾਰੇ

Current Updates

ਬਿਆਨ ਤੇ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਮੀਡੀਆ ਸਾਵਧਾਨੀ ਵਰਤੇ: ਸੁਪਰੀਮ ਕੋਰਟ

Current Updates

ਸਾਰੇ ਸੁਰੱਖਿਆ ਪ੍ਰੋਟੋਕੋਲ ਨੂੰ ਲਾਂਭੇ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਵਾਸੀਆਂ ਨਾਲ ਕਬੱਡੀ ਮੈਚ ਦੇਖਿਆ

Current Updates

Leave a Comment