October 25, 2026
ਖਾਸ ਖ਼ਬਰਰਾਸ਼ਟਰੀ

ਯਮੁਨੋਤਰੀ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਯਮੁਨੋਤਰੀ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਉੱਤਰਾਖੰਡ- ਉੱਤਰਾਖੰਡ ਦੇ ਯਮੁਨੋਤਰੀ ਧਾਮ ਵਿੱਚ ਐਤਵਾਰ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਦੌਰਾਨ ਕੇਦਾਰਨਾਥ ਵਿੱਚ ਵੀ ਬਰਫ਼ਬਾਰੀ ਹੋਈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਚਾਰ ਧਾਮ ਦੀ ਗਰਮੀਆਂ ਵਾਲੀ ਯਾਤਰਾ ਹੁਣ ਆਖ਼ਰੀ ਪੜਾਅ ਵਿੱਚ ਪਹੁੰਚ ਗਈ ਹੈ। ਯਮੁਨੋਤਰੀ ਵਿੱਚ ਮੀਂਹ ਅਤੇ ਬਰਫ਼ਬਾਰੀ ਦੇ ਨਾਲ-ਨਾਲ ਕੇਦਾਰਨਾਥ ਵਿੱਚ ਬਰਫ਼ ਪੈਣ ਕਾਰਨ ਮੰਦਰ ਕਮੇਟੀ ਨੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਚੌਕਸੀ ਵਰਤਣ ਅਤੇ ਲੋੜੀਂਦੀਆਂ ਦਵਾਈਆਂ ਨਾਲ ਰੱਖਣ ਦੀ ਸਲਾਹ ਦਿੱਤੀ ਹੈ। ਸ੍ਰੀ ਕੇਦਾਰਨਾਥ-ਬਦਰੀਨਾਥ ਮੰਦਰ ਕਮੇਟੀ ਦੇ ਮੈਂਬਰ ਵਿਨੀਤ ਪੋਸਤੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਸਾਰੀਆਂ ਜ਼ਰੂਰੀ ਦਵਾਈਆਂ ਰੱਖਣ ਅਤੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦਿਆਂ ਪੂਰੀ ਸਾਵਧਾਨੀ ਵਰਤਣ।

ਪਹਿਲੀ ਬਰਫ਼ਬਾਰੀ ਦੇਖ ਕੇ ਸ਼ਰਧਾਲੂਆਂ ਦੇ ਚਿਹਰੇ ਖਿੜੇ- ਮਾਂ ਯਮੁਨਾ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਯਮੁਨੋਤਰੀ ਪਹੁੰਚੇ ਸ਼ਰਧਾਲੂਆਂ ਨੇ ਬਰਫ਼ਬਾਰੀ ਦਾ ਖ਼ੂਬ ਆਨੰਦ ਮਾਣਿਆ।ਪੰਚ ਪਾਂਡਾ ਸਮਿਤੀ ਦੇ ਸਕੱਤਰ ਗਿਰੀਸ਼ ਉਨਿਆਲ ਨੇ ਦੱਸਿਆ ਕਿ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦੇਖ ਕੇ ਸ਼ਰਧਾਲੂ ਕਾਫ਼ੀ ਉਤਸ਼ਾਹਿਤ ਸਨ। ਉਨ੍ਹਾਂ ਕਿਹਾ, “ਕਈ ਸ਼ਰਧਾਲੂਆਂ ਲਈ ਇੰਨੇ ਨੇੜਿਓਂ ਬਰਫ਼ਬਾਰੀ ਦੇਖਣ ਦਾ ਇਹ ਪਹਿਲਾ ਮੌਕਾ ਸੀ। ਇਸ ਨਜ਼ਾਰੇ ਨੂੰ ਦੇਖ ਕੇ ਉਹ ਬੇਹੱਦ ਖ਼ੁਸ਼ ਹੋ ਗਏ।” ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ, ਰੁਦਰਪ੍ਰਯਾਗ, ਬਾਗੇਸ਼ਵਰ, ਚਮੋਲੀ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਜਾਂ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਸੀ।

ਸ਼ਰਧਾਲੂਆਂ ਦੀ ਆਮਦ ਵਧੀ; ਕਾਰੋਬਾਰੀਆਂ ਨੂੰ ਮਿਲੀ ਰਾਹਤ- ਗਰਮੀਆਂ ਦੀ ਚਾਰ ਧਾਮ ਯਾਤਰਾ ਦੇ ਆਖ਼ਰੀ ਪੜਾਅ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਵਧਣ ਨਾਲ ਯਮੁਨੋਤਰੀ ਧਾਮ ਵਿੱਚ ਮੁੜ ਰੌਣਕ ਪਰਤ ਆਈ ਹੈ। ਇਸ ਨਾਲ ਉਨ੍ਹਾਂ ਸਥਾਨਕ ਕਾਰੋਬਾਰੀਆਂ ਨੂੰ ਵੀ ਰਾਹਤ ਅਤੇ ਉਮੀਦ ਮਿਲੀ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਤੀਰਥ ਯਾਤਰਾ ’ਤੇ ਨਿਰਭਰ ਕਰਦੀ ਹੈ। ਸ਼ਨਿੱਚਰਵਾਰ ਨੂੰ ਲਗਪਗ 6,000 ਸ਼ਰਧਾਲੂ ਮਾਂ ਯਮੁਨਾ ਦੇ ਦਰਸ਼ਨ ਕਰਨ ਅਤੇ ਪੂਜਾ-ਅਰਚਨਾ ਲਈ ਯਮੁਨੋਤਰੀ ਧਾਮ ਪਹੁੰਚੇ। ਯਮੁਨੋਤਰੀ ਮੰਦਰ ਕਮੇਟੀ ਦੇ ਸਕੱਤਰ ਸੁਨੀਲ ਉਨਿਆਲ ਨੇ ਦੱਸਿਆ ਕਿ ਗਰਮੀਆਂ ਦੀ ਤੀਰਥ ਯਾਤਰਾ ਦੇ ਆਖ਼ਰੀ ਪੜਾਅ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਧਾਮ ਵਿੱਚ ਪਹੁੰਚ ਰਹੇ ਹਨ।

ਉਨ੍ਹਾਂ ਕਿਹਾ, “ਸ਼ਰਧਾਲੂਆਂ ਦੀ ਇਸ ਆਮਦ ਨਾਲ ਨਾ ਸਿਰਫ਼ ਧਾਮ ਵਿੱਚ ਰੌਣਕ ਵਧੀ ਹੈ, ਸਗੋਂ ਚਾਰ ਧਾਮ ਯਾਤਰਾ ਨਾਲ ਜੁੜੇ ਕਾਰੋਬਾਰੀਆਂ ਨੂੰ ਵੀ ਫ਼ਾਇਦਾ ਹੋਇਆ ਹੈ।” ਉਨਿਆਲ ਨੇ ਦੱਸਿਆ ਕਿ ਭਾਈ ਦੂਜ ਦੇ ਸ਼ੁਭ ਮੌਕੇ ’ਤੇ 11 ਨਵੰਬਰ ਨੂੰ ਯਮੁਨੋਤਰੀ ਧਾਮ ਦੇ ਕਿਵਾੜ ਛੇ ਮਹੀਨਿਆਂ ਦੀ ਸਰਦੀਆਂ ਦੀ ਮਿਆਦ ਲਈ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਸਰਦੀਆਂ ਦੌਰਾਨ ਸ਼ਰਧਾਲੂ ਖਰਸਾਲੀ ਸਥਿਤ ਯਮੁਨਾ ਮੰਦਰ ਵਿੱਚ ਮਾਂ ਯਮੁਨਾ ਦੇ ਦਰਸ਼ਨ ਕਰ ਸਕਣਗੇ।

Related posts

ਮੂਸਾ ਹਵੇਲੀ ‘ਚ ਮਨਾਇਆ ਗਿਆ ਮਰਹੂਮ Sidhu Moosewala ਦਾ ਜਨਮਦਿਨ; ਛੋਟੇ ਸਿੱਧੂ ਨੇ ਕੱਟਿਆ ਕੇਕ

Current Updates

ਡੈਂਟਲ ਕਾਲਜ ਵਿਦਿਆਰਥਣ ਦੀ ਮੌਤ ਮਾਮਲੇ ’ਚ ਔਰਤ ਗ੍ਰਿਫ਼ਤਾਰ

Current Updates

ਬਲੋਚਿਸਤਾਨ ‘ਚ ਹਥਿਆਰਬੰਦ ਵਿਅਕਤੀਆਂ ਵੱਲੋਂ 20 ਟਰੇਨੀ ਪੁਲੀਸ ਅਧਿਕਾਰੀ ਅਗਵਾ

Current Updates

Leave a Comment