September 11, 2026
ਖਾਸ ਖ਼ਬਰਰਾਸ਼ਟਰੀ

ਸੁਪਰੀਮ ਕੋਰਟ ਦੇ ਜੱਜ ਨੇ ਸੁਣਵਾਈ ਤੋਂ ਖੁਦ ਨੂੰ ਵੱਖ ਕੀਤਾ

ਸੁਪਰੀਮ ਕੋਰਟ ਦੇ ਜੱਜ ਨੇ ਸੁਣਵਾਈ ਤੋਂ ਖੁਦ ਨੂੰ ਵੱਖ ਕੀਤਾ

ਨਵੀਂ ਦਿੱਲੀ-  ਸੁਪਰੀਮ ਕੋਰਟ ਦੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਉਸ ਪਟੀਸ਼ਨ ‘ਤੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ, ਜਿਸ ਵਿੱਚ ਉਨ੍ਹਾਂ ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੀ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਅਤੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।

ਜਸਟਿਸ ਪੀ.ਕੇ. ਮਿਸ਼ਰਾ ਅਤੇ ਜਸਟਿਸ ਏ.ਐੱਸ. ਚੰਦੁਰਕਰ ਦੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਇਹ ਮਾਮਲਾ 25 ਜੂਨ ਨੂੰ ਕਿਸੇ ਹੋਰ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਵੇ। ਸੁਣਵਾਈ ਦੀ ਸ਼ੁਰੂਆਤ ਵਿੱਚ, ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਉਹ ਜਾਂਚ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਲਈ ਪੇਸ਼ ਹੋ ਰਹੇ ਹਨ। ਜਸਟਿਸ ਮਿਸ਼ਰਾ ਨੇ ਕਿਹਾ, “ਕੁਝ ਦਿੱਕਤ ਹੈ, ਇਹ ਕਿਸੇ ਹੋਰ ਬੈਂਚ ਦੇ ਸਾਹਮਣੇ ਹੋਵੇਗਾ। ਇਸ ਨਾਲ ਜੁੜੇ ਇੱਕ ਮਾਮਲੇ ਵਿੱਚ ਮੇਰਾ ਬੇਟਾ ਸਰਕਾਰੀ ਪੱਖ ਵੱਲੋਂ ਪੇਸ਼ ਹੋਇਆ ਸੀ। ਇਸ ਨੂੰ ਅਜਿਹੀ ਬੈਂਚ ਅੱਗੇ ਲਗਾਇਆ ਜਾਵੇ ਜਿਸ ਵਿੱਚ ਸਾਡੇ ਵਿੱਚੋਂ ਕੋਈ ਵੀ ਮੈਂਬਰ ਨਾ ਹੋਵੇ।” ਫਰਨਾਂਡੀਜ਼ ਨੇ ਇੱਥੋਂ ਦੀ ਪਟਿਆਲਾ ਹਾਊਸ ਕੋਰਟ ਦੇ 30 ਮਈ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਈ.ਡੀ. ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਤਹਿਤ ਜਾਂਚ ਕੀਤੇ ਜਾ ਰਹੇ ਇਸ ਮਾਮਲੇ ਵਿੱਚ ਅਦਾਕਾਰਾ ਵਿਰੁੱਧ ਦੋਸ਼ ਆਇਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

30 ਮਈ ਨੂੰ ਐਡੀਸ਼ਨਲ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਕਿਹਾ ਸੀ ਕਿ ਈ.ਡੀ. ਵੱਲੋਂ ਪੇਸ਼ ਕੀਤੀ ਗਈ ਸਮੱਗਰੀ ਦੇ ਆਧਾਰ ‘ਤੇ ਫਰਨਾਂਡੀਜ਼ ਖ਼ਿਲਾਫ਼ ਪ੍ਰਾਈਮਾ ਫੇਸੀ (ਪਹਿਲੀ ਨਜ਼ਰੇ) ਕੇਸ ਬਣਦਾ ਹੈ। ਅਦਾਲਤ ਨੇ ਨੋਟ ਕੀਤਾ ਕਿ ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਫਰਨਾਂਡੀਜ਼ ਨੇ ਸੁਕੇਸ਼ ਦੇ ਅਪਰਾਧਿਕ ਇਤਿਹਾਸ ਬਾਰੇ ਜਾਣਦੇ ਹੋਏ ਵੀ ਉਸ ਤੋਂ ਮਹਿੰਗੇ ਤੋਹਫ਼ੇ ਪ੍ਰਾਪਤ ਕੀਤੇ ਸਨ। ਜੱਜ ਨੇ ਕਿਹਾ ਸੀ ਕਿ ਉਹ ਅਪਰਾਧ ਤੋਂ ਪ੍ਰਾਪਤ ਕਮਾਈ ਨੂੰ ਲੁਕਾਉਣ ਲਈ ਚੰਦਰਸ਼ੇਖਰ ਨਾਲ ਮਿਲੀ ਹੋਈ ਸੀ।

3 ਜੂਨ ਨੂੰ ਚੰਦਰਸ਼ੇਖਰ ਅਤੇ ਫਰਨਾਂਡੀਜ਼ ਸਮੇਤ ਹੋਰਾਂ ਵਿਰੁੱਧ ਰਸਮੀ ਤੌਰ ‘ਤੇ ਦੋਸ਼ ਆਇਦ ਕੀਤੇ ਗਏ ਸਨ, ਜਿਸ ਤੋਂ ਬਾਅਦ ਕੇਸ ਵਿੱਚ ਟਰਾਇਲ ਸ਼ੁਰੂ ਹੋ ਗਿਆ। ਅਦਾਕਾਰਾ ਨੇ ਪਹਿਲਾਂ ਈ.ਡੀ. ਕੇਸ ਵਿੱਚ ਸਰਕਾਰੀ ਗਵਾਹ ਬਣਨ ਲਈ ਅਰਜ਼ੀ ਦਿੱਤੀ ਸੀ, ਪਰ ਏਜੰਸੀ ਦੇ ਵਿਰੋਧ ਕਾਰਨ ਫਰਨਾਂਡੀਜ਼ ਨੇ 16 ਅਪਰੈਲ ਨੂੰ ਇਸ ਨੂੰ ਵਾਪਸ ਲੈ ਲਿਆ ਸੀ। ਚੰਦਰਸ਼ੇਖਰ ਅਤੇ ਉਸ ਦੀ ਪਤਨੀ ਨੂੰ ਦਿੱਲੀ ਪੁਲੀਸ ਨੇ ਸਤੰਬਰ 2021 ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।

Related posts

ਪੰਜਾਬ ਸਰਕਾਰ ਕੰਢੀ ਖੇਤਰ ਨੂੰ ਵੱਡੇ ਸੈਰ-ਸਪਾਟਾ ਕੇਂਦਰ ਵਜੋਂ ਉਤਸ਼ਾਹਿਤ ਕਰੇਗੀ

Current Updates

ਰਵੀਨਾ ਟੰਡਨ ਤੇ ਸੁਨੀਲ ਸ਼ੈੱਟੀ ਵੱਲੋਂ ਲੋਹੜੀ ਦੀਆਂ ਮੁਬਾਰਕਾਂ

Current Updates

ਹੈਦਰਾਬਾਦ-ਚੰਡੀਗੜ੍ਹ ਫਲਾਈਟ ਵਿੱਚ ਫਟਿਆ ਪਾਵਰ ਬੈਂਕ, 198 ਰਜਨੀ ਬਾਹਰ ਕੱਢੇ

Current Updates

Leave a Comment