September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

‘ਪੰਜਾਬ ਬਚਾਓ ਰੈਲੀ’ ਦੌਰਾਨ ਸੁਖਬੀਰ ਬਾਦਲ ਤੇ ਮਜੀਠੀਆ ਨੇ ਵਿਰੋਧੀਆਂ ‘ਤੇ ਸੇਧੇ ਨਿਸ਼ਾਨੇ

'ਪੰਜਾਬ ਬਚਾਓ ਰੈਲੀ' ਦੌਰਾਨ ਸੁਖਬੀਰ ਬਾਦਲ ਤੇ ਮਜੀਠੀਆ ਨੇ ਵਿਰੋਧੀਆਂ 'ਤੇ ਸੇਧੇ ਨਿਸ਼ਾਨੇ

ਬਰਨਾਲਾ- ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ ਰੈਲੀ’ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸ਼ਾਮਲ ਹੋਏ। ਦੋਵਾਂ ਨੇ ਸੰਬੋਧਨ ਦੌਰਾਨ ਵਿਰੋਧੀਆਂ ਉੱਤੇ ਤਨਜ਼ ਕੱਸੇ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਲੜਾਈ ਇਸ ਵੇਲੇ ਦਿੱਲੀ ਦੀਆਂ ਪਾਰਟੀਆਂ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਇੱਕੋ-ਇੱਕ ਪੰਥ ਦੀ ਨੁਮਾਇੰਦਾ ਜਮਾਤ ਅਤੇ ਪੰਜਾਬ ਦੀ ਖੇਤਰੀ ਪਾਰਟੀ ਹੈ ਜਦਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀਆਂ ਹਨ ਅਤੇ ਕਦੇ ਵੀ ਪੰਜਾਬ ਦੇ ਭਲਾਈ ਲਈ ਫੈਸਲੇ ਨਹੀਂ ਲੈ ਸਕਦੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਹੁਣ ਤੱਕ ਦੀ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਸਰਕਾਰ ਵੇਲੇ ਹੀ ਹੋਇਆ। ਪੰਜਾਬ ਵਿੱਚ ਸੜਕਾਂ, ਨਹਿਰਾਂ, ਥਰਮਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਲੋਕ ਭਲਾਈ ਸਕੀਮਾਂ ਅਕਾਲੀ ਸਰਕਾਰ ਵੇਲੇ ਹੀ ਲਿਆਂਦੀਆਂ ਗਈਆਂ, ਜਦਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ‘ਤੇ ਖਰਚਾ ਕਰ ਰਹੀ ਹੈ ਅਤੇ ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਪਾਰ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਬਰਨਾਲਾ ਦੇ ਲੋਕ ਹੀ ਸਰਕਾਰਾਂ ਤੈਅ ਕਰਦੇ ਹਨ। ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਢ ਬਰਨਾਲਾ ਦੀ ਧਰਤੀ ਨੇ ਬੰਨਿਆ ਅਤੇ ਅੱਜ ਦਾ ਇਕੱਠ ਸਾਲ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਗਵਾਹੀ ਭਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਸਾਡੀਆਂ ਪੰਥਕ ਤਾਕਤਾਂ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਮਹਾਰਾਸ਼ਟਰ ਦੀ ਭਾਜਪਾ ਸਰਕਾਰ, ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਿਹਾਰ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਲੱਗ ਹੋਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹਰਿਆਣਾ ਸਰਕਾਰ ਦੇ ਹੱਥਾਂ ਵਿੱਚ ਚਲਾ ਗਿਆ ਹੈ।featured-img

ਇਸ ਮੌਕੇ ਬਿਕਰਮ ਮਜੀਠੀਆ ਨੇ ਸੰਬੋਧਨ ਦੌਰਾਨ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਦਿੱਲੀ ਦੇ ਲੋਕ ਸੰਭਾਲ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਮਜੀਠੀਆ ਨੇ ਪੀਲੇ ਰੰਗ ਦੀ ਪੱਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਬਠਿੰਡਾ ਦੀ ਐੱਸ ਐੱਸ ਪੀ ਵੱਲੋਂ ਪੀਲੇ ਰੰਗ ਦੇ ਪਰਨੇ ਨੂੰ ਲੈ ਕੇ ਇੱਕ ਨੌਜਵਾਨ ਉੱਪਰ ਤਸ਼ੱਦਦ ਕੀਤਾ ਗਿਆ ਸੀ। ਉਹ ਹੁਣ ਜਦੋਂ ਵੀ ਮਾਲਵਾ ਵਿੱਚ ਆਉਣਗੇ ਪੀਲੇ ਰੰਗ ਦੀ ਪੱਗ ਬੰਨ ਕੇ ਆਉਣਗੇ ਅਤੇ ਉਹ ਪੰਜਾਬ ਸਰਕਾਰ ਅਤੇ ਬਠਿੰਡਾ ਦੀ ਐੱਸ ਐੱਸ ਪੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਉਨ੍ਹਾਂ ਦੀ ਪੀਲੇ ਰੰਗ ਦੀ ਪੱਗ ਅਤੇ ਉਨ੍ਹਾਂ ਨੂੰ ਹੱਥ ਪਾ ਕੇ ਦਿਖਾਉਣ। ਰੈਲੀ ਦੌਰਾਨ ਮੀਂਹ ਪੈਣ ਦੇ ਬਾਵਜੂਦ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਰੈਲੀ ਦੇ ਪੰਡਾਲ ਵਿੱਚ ਵਰਕਰ ਮੀਂਹ ਦੌਰਾਨ ਸਿਰ ਉੱਪਰ ਕੁਰਸੀਆਂ ਚੱਕ ਕੇ ਖੜ੍ਹੇ ਰਹੇ।

Related posts

ਮੈਨੂੰ ਹੱਥਕੜੀਆਂ ਲਾਈਆਂ ਤੇ ਸ਼ਾਕਾਹਾਰੀ ਹੋਣ ਦੇ ਬਾਵਜੂਦ ਠੰਢਾ ਤੇ ਮਾਸਹਾਰੀ ਖਾਣਾ ਦਿੱਤਾ: ਹਰਜੀਤ ਕੌਰ

Current Updates

ਭਾਰਤ ਦੇ ਵਿਸ਼ਵ ਪੱਧਰੀ ਉਭਾਰ ‘ਤੇ ਚਰਚਾ: ਇੰਡੀਅਨ ਆਇਲ ਰਿਫਾਇਨਰੀਜ਼ ਹੈੱਡਕੁਆਰਟਰ ਵੱਲੋਂ ‘ਪਬਲਿਕ ਸੈਕਟਰ ਮੰਥ’ ਪ੍ਰੋਗਰਾਮ ਦੀ ਮੇਜ਼ਬਾਨੀ

Current Updates

ਤਹੱਵੁਰ ਰਾਣਾ ਨੇ ਹੋਰ ਸ਼ਹਿਰਾਂ ਲਈ ਵੀ ਮੁੰਬਈ ਹਮਲਿਆਂ ਵਰਗੀਆਂ ਯੋਜਨਾਵਾਂ ਘੜੀਆਂ ਸਨ

Current Updates

Leave a Comment