ਪਟਿਆਲਾ- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਸ ਵਾਰ ਬਾਜ਼ਾਰਾਂ ’ਚ ਰੌਣਕ ਵੇਖਣ ਨੂੰ ਮਿਲ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਐਤਕੀਂ ਵਿਕਰੀ ਵੀ ਕਾਫੀ ਹੋ ਰਹੀ ਹੈ। ਕਈ ਸਾਲਾਂ ਬਾਅਦ ਦੀਵਾਲੀ ਆਪਣੇ ਅਸਲ ਰੰਗ ’ਚ ਪਰਤੀ ਲੱਗ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸਾਉਣੀ ਦੀ ਪ੍ਰਮੁੱਖ ਫਸਲ ਦਾ ਝਾੜ ਕਾਫੀ ਘੱਟ ਨਿਕਲਿਆ ਸੀ, ਜਿਸ ਕਾਰਨ ਦਿਹਾਤੀ ਖੇਤਰ ’ਚ ਦੀਵਾਲੀ ਦਾ ਪ੍ਰਛਾਵਾਂ ਬਿਲਕੁਲ ਫਿੱਕਾ ਸੀ। ਐਤਕੀਂ ਝੋਨੇ ਦਾ ਝਾੜ ਚੰਗਾ ਨਿਕਲਣ ਕਰ ਕੇ ਦਿਹਾਤੀ ਖੇਤਰ ’ਚ ਕਾਫੀ ਖੁਸ਼ਨੁਮਾ ਮਾਹੌਲ ਹੈ, ਜਿਸ ਦਾ ਦੀਵਾਲੀ ਦੇ ਤਿਉਹਾਰ ’ਤੇ ਸਿੱਧਾ ਅਸਰ ਹੈ। ਸ਼ਹਿਰੀ ਖੇਤਰਾਂ ’ਚ ਵੀ ਫਸਲ ਦੇ ਝਾੜ ਦਾ ਅਸਰ ਹੈ। ਵੱਖ ਵੱਖ ਬਜ਼ਾਰਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਐਤਕੀਂ ਦੀਵਾਲੀ ਦੇ ਦਿਨਾਂ ’ਚ ਖਰੀਦਦਾਰੀ ’ਚ ਕਾਫੀ ਵਾਧਾ ਹੋਇਆ ਹੈ। ਲੋਕ ਘਰਾਂ, ਹਵੇਲੀਆਂ, ਖੇਤਾਂ, ਕਾਰੋਬਾਰੀ ਅਦਾਰਿਆਂ ਨਾਲ ਜੁੜੇ ਸਾਮਾਨ ਖਾਸ ਕਰ ਕੇ ਸਜਾਵਟ ਅਤੇ ਘਰੇਲੂ ਵਰਤੋਂ ਵਾਲੇ ਸਾਮਾਨ ਨੂੰ ਖਰੀਦਣ ’ਚ ਭਰਵੀਂ ਦਿਲਚਸਪੀ ਵਿਖਾ ਰਹੇ ਹਨ। ਖਾਣ-ਪੀਣ ਦਾ ਸਾਮਾਨ ਵੀ ਐਤਕੀਂ ਹੱਥੋਂ-ਹੱਥੀਂ ਵਿਕ ਰਿਹਾ ਹੈ। ਬੀਕਾਨੇਰ ਡਾਇਰੀ ਵਾਲਿਆਂ ਦਾ ਕਹਿਣਾ ਹੈ ਕਿ ਐਤਕੀਂ ਅੰਦਾਜ਼ੇ ਤੋਂ ਵੱਧ ਮਠਿਆਈਆਂ ਦੀ ਵਿਕਰੀ ਹੋ ਰਹੀ ਹੈ, ਤਿਆਰ ਮਾਲ ਥੁੜ ਸਕਦਾ ਹੈ। ਵੱਡੇ ਮਾਲਜ ’ਚ ਵੀ ਐਤਕੀਂ ਗਾਹਕਾਂ ਦੀ ਚੰਗੀ ਭੀੜ ਵੇਖਣ ਨੂੰ ਮਿਲ ਰਹੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਆਗੂ ਰਮੇਸ਼ ਗੋਇਲ ਨੇ ਦੱਸਿਆ ਕਿ ਜਦੋਂ ਕਿਸਾਨੀ ਖੁਸ਼ ਹੈ ਤਾਂ ਸਮਝੋ ਉਸ ਸਾਲ ਦੀਵਾਲੀ ਵੇਚਣ ਵਾਲਿਆਂ ਦੀ ਚਾਂਦੀ ਹੈ। ਭਾਵੇਂ ਸੋਨਾ ਮਹਿੰਗਾ ਹੈ, ਆਮ ਲੋਕਾਂ ਦੇ ਬਜਟ ਤੋਂ ਇਹ ਦੂਰ ਹੈ, ਪਰ ਫਿਰ ਵੀ ਐਤਕੀਂ ਦੀਵਾਲੀ ਦੇ ਮੱਦੇਨਜ਼ਰ ਵੱਡੇ ਵਪਾਰੀ ਤੇ ਵੱਡੇ ਨੌਕਰੀ ਪੇਸ਼ਾ ਆਦਿ ਲੋਕ ਗਹਿਣਿਆਂ ਦੀ ਖਰੀਦ ਵੱਲ ਵੀ ਚੰਗੀ ਤਰਜੀਹ ਰੱਖ ਰਹੇ ਹਨ। ਕਿਸਾਨ ਆਗੂ ਗੁਰਦੀਪ ਸਿੰਘ ਧਨੇਠਾ ਨੇ ਿਕਹਾ ਕਿ ਕਾਫੀ ਸਾਲਾਂ ਮਗਰੋਂ ਛਿਮਾਹੀ ਚੰਗੀ ਲੱਗੀ ਹੈ ਤਾਂ ਕਰਕੇ ਤਿਉਹਾਰ ਪ੍ਰਤੀ ਉਤਸ਼ਾਹ ਹੈ। ਭਾਵੇਂ ਲੋਕਾਂ ’ਚ ਗਰੀਨ ਦੀਵਾਲੀ ਮਨਾਉਣ ਦਾ ਰੁਝਾਨ ਵਧ ਰਿਹਾ ਹੈ, ਫਿਰ ਵੀ ਪਟਾਕਿਆ ਦੀਆਂ ਦੁਕਾਨਾਂ ਵੱਡੀ ਪੱਧਰ ’ਤੇ ਸਜੀਆ ਹੋਈਆਂ ਹਨ, ਜਿੱਥੇ ਵੀ ਮੋਟੀ ਵਿਕਰੀ ਹੋ ਰਹੀ ਹੈ। ਰੌਸ਼ਨੀ ਦੇ ਤਿਉਹਾਰ ’ਤੇ ਰੌਸ਼ਨੀ ਨਾਲ ਜੁੜੇ ਉਪਕਰਨਾਂ ’ਚ ਭਾਵੇਂ ਬਿਜਲਈ ਸਾਜੋ ਸਮਾਨ ਦੀ ਵੀ ਚੰਗੀ ਪੈਂਠ ਹੈ, ਫਿਰ ਵੀ ਰਵਾਇਤੀ ਜਲੋਅ ਵਜੋਂ ਮਿੱਟੀ ਦੇ ਦੀਵੇ ਦੀ ਹਾਲੇ ਵੀ ਸਰਦਾਰੀ ਕਾਇਮ ਹੈ। ਬਾਜ਼ਾਰਾਂ ’ਚ ਦੀਵਾ ਵੀ ਬਰਾਬਰ ਹੀ ਵਿਕ ਰਿਹਾ ਹੈ। ਵਧੇਰੇ ਲੋਕ ਦੀਵਾਲੀ ਦੀਵੇ ਬਗੈਰ ਨਹੀਂ ਮਨਾਉਂਦੇ।
ਦੀਵਾਲੀ ਦੀ ਖ਼ਰੀਦਦਾਰੀ ਕਾਰਨ ਬਾਜ਼ਾਰਾਂ ’ਚ ਜਾਮ ਲੱਗੇ: ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਾਹੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਅੱਜ ਭਾਰੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਸ਼ਹਿਰ ਵਾਸੀਆਂ ਦੇ ਨਾਲ ਨੇੜਲੇ ਪਿੰਡਾਂ ਤੋਂ ਆਏ ਲੋਕਾਂ ਨੇ ਵੀ ਵੱਖ-ਵੱਖ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਕੀਤੀ। ਮਠਿਆਈਆਂ, ਫਲਾਂ, ਭਾਂਡਿਆਂ ਅਤੇ ਤਿਉਹਾਰ ਨਾਲ ਸਬੰਧਤ ਸਾਮਾਨ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਰਹੀ। ਇਸੇ ਦੌਰਾਨ ਪਾਬੰਦੀ ਦੇ ਬਾਵਜੂਦ ਪਟਾਕੇ ਵੀ ਆਮ ਵਿਕਦੇ ਦੇਖੇ ਗਏ। ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਅਨਾਰਦਾਨਾ ਚੌਕ ਅਤੇ ਅਦਾਲਤ ਬਾਜ਼ਾਰ ਵਿੱਚ ਖ਼ਰੀਦਦਾਰਾਂ ਦੀ ਭਾਰੀ ਆਮਦ ਰਹੀ। ਦੁਕਾਨਾਂ ਅੱਗੇ ਇਕੱਠੇ ਹੋਏ ਲੋਕਾਂ ਅਤੇ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਕਾਰਨ ਕਈ ਥਾਵਾਂ ’ਤੇ ਲੰਘਣਾ ਮੁਸ਼ਕਲ ਹੋਇਆ। ਤ੍ਰਿਪੜੀ ਬਾਜ਼ਾਰ ਵਿੱਚ ਵੀ ਦੁਕਾਨਾਂ ’ਤੇ ਭੀੜ ਦੇ ਨਾਲ ਸੜਕਾਂ ’ਤੇ ਜਾਮ ਲੱਗੇ ਰਹੇ। ਖ਼ਰੀਦਦਾਰੀ ਲਈ ਪੁੱਜੇ ਲੋਕਾਂ ਨੂੰ ਭੀੜ ਵਿਚਾਲੇ ਹੌਲੀ-ਹੌਲੀ ਅੱਗੇ ਵਧਣਾ ਪਿਆ। ਮਠਿਆਈ ਦੀਆਂ ਦੁਕਾਨਾਂ ਅੱਗੇ ਖ਼ਾਸ ਤੌਰ ’ਤੇ ਕਾਫ਼ੀ ਭੀੜ ਦੇਖੀ ਗਈ। ਲੋਕ ਆਪਣੇ ਪਰਿਵਾਰਾਂ ਲਈ ਮਠਿਆਈ ਖ਼ਰੀਦਣ ਦੇ ਨਾਲ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਦੇਣ ਲਈ ਵੀ ਡੱਬੇ ਤਿਆਰ ਕਰਵਾਉਂਦੇ ਨਜ਼ਰ ਆਏ। ਦੀਵਾਲੀ ਦੀਆਂ ਵਧਾਈਆਂ ਦੇਣ ਅਤੇ ਆਪਸੀ ਸਾਂਝ ਕਾਇਮ ਰੱਖਣ ਲਈ ਮਠਿਆਈਆਂ ਤੇ ਫਲ ਵੰਡਣ ਦਾ ਸਿਲਸਿਲਾ ਵੀ ਜਾਰੀ ਰਿਹਾ। ਫਲਾਂ ਦੀਆਂ ਦੁਕਾਨਾਂ ’ਤੇ ਵੀ ਤੋਹਫ਼ੇ ਵਜੋਂ ਦੇਣ ਲਈ ਖ਼ਰੀਦਦਾਰੀ ਹੁੰਦੀ ਰਹੀ। ਧਨਤੇਰਸ ਨਾਲ ਜੁੜੀਆਂ ਧਾਰਮਿਕ ਮਾਨਤਾਵਾਂ ਦਾ ਅਸਰ ਵੀ ਬਾਜ਼ਾਰਾਂ ਵਿੱਚ ਨਜ਼ਰ ਆਇਆ। ਕੁਝ ਖ਼ਰੀਦਦਾਰਾਂ ਵੱਲੋਂ ਅੱਜ ਦੇ ਸਮੇਂ ਨੂੰ ਵੀ ਖ਼ਰੀਦੋ-ਫ਼ਰੋਖ਼ਤ ਲਈ ਸ਼ੁਭ ਮੰਨੇ ਜਾਣ ਕਾਰਨ ਕਿਲਾ ਚੌਂਕ ਨੇੜਲੇ ਭਾਂਡਿਆਂ ਦੇ ਬਾਜ਼ਾਰ ਵਿੱਚ ਰੌਣਕ ਰਹੀ। ਇੱਥੇ ਲੋਕ ਘਰੇਲੂ ਵਰਤੋਂ ਦੇ ਭਾਂਡੇ ਖ਼ਰੀਦਦੇ ਦੇਖੇ ਗਏ। ਪਰਿਵਾਰਾਂ ਸਣੇ ਪੁੱਜੇ ਗਾਹਕ ਵੱਖ-ਵੱਖ ਦੁਕਾਨਾਂ ਤੋਂ ਆਪਣੀ ਲੋੜ ਅਨੁਸਾਰ ਸਾਮਾਨ ਲੈਂਦੇ ਰਹੇ। ਮਾਡਲ ਟਾਊਨ, ਸਨੌਰੀ ਅੱਡਾ ਅਤੇ ਸਮਾਣਾ ਗੇਟ ਸਮੇਤ ਹੋਰ ਇਲਾਕਿਆਂ ਵਿੱਚ ਵੀ ਤਿਉਹਾਰੀ ਖ਼ਰੀਦਦਾਰੀ ਦਾ ਉਤਸ਼ਾਹ ਦਿਖਾਈ ਦਿੱਤਾ। ਇਨ੍ਹਾਂ ਬਾਜ਼ਾਰਾਂ ਵਿੱਚ ਨੇੜਲੇ ਪਿੰਡਾਂ ਤੋਂ ਆਏ ਲੋਕ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਖ਼ਰੀਦਦਾਰੀ ਕਰਦੀਆਂ ਨਜ਼ਰ ਆਈਆਂ। ਵੱਖ-ਵੱਖ ਇਲਾਕਿਆਂ ਵਿੱਚ ਦੁਕਾਨਾਂ ਅੱਗੇ ਲੱਗੀ ਭੀੜ ਨੇ ਸ਼ਹਿਰ ਦੀ ਤਿਉਹਾਰੀ ਰੌਣਕ ਹੋਰ ਵਧਾ ਦਿੱਤੀ। ਤਿਉਹਾਰ ਦੀ ਇਸ ਚਹਿਲ-ਪਹਿਲ ਵਿਚਾਲੇ ਪਟਾਕਿਆਂ ਦੀ ਖੁੱਲ੍ਹੀ ਵਿਕਰੀ ਨੇ ਪਾਬੰਦੀ ਦੀ ਅਮਲਦਾਰੀ ’ਤੇ ਸਵਾਲ ਖੜ੍ਹੇ ਕੀਤੇ। ਦੂਜੇ ਪਾਸੇ, ਬਾਜ਼ਾਰਾਂ ਵਿੱਚ ਲੱਗੇ ਜਾਮ ਨੇ ਆਵਾਜਾਈ ਦੇ ਪ੍ਰਬੰਧਾਂ ਦੀ ਲੋੜ ਉਭਾਰੀ। ਖ਼ਰੀਦਦਾਰੀ ਦੀ ਰੌਣਕ ਦੇ ਨਾਲ ਲੋਕਾਂ ਨੂੰ ਭੀੜ ਅਤੇ ਆਵਾਜਾਈ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ।
