November 8, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਵਿਧਾਨ ਸਭਾ ਚੋਣਾਂ: ਟਿਕਟ ਦੇ ਚਾਹਵਾਨ ‘ਆਪ’ ਆਗੂਆਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ

ਵਿਧਾਨ ਸਭਾ ਚੋਣਾਂ: ਟਿਕਟ ਦੇ ਚਾਹਵਾਨ ‘ਆਪ’ ਆਗੂਆਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ

ਚੰਡੀਗੜ੍ਹ- ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਲਦੀ ਜਾਰੀ ਕੀਤੇ ਜਾਣ ਦੀਆਂ ਸੰਭਾਵਨਾਵਾਂ ਦਰਮਿਆਨ ਟਿਕਟਾਂ ਦੇ ਚਾਹਵਾਨ ਆਗੂਆਂ ਨੇ ਦਿੱਲੀ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਕੇਜਰੀਵਾਲ ਤੇ ਸਿਸੋਦੀਆ ਨੂੰ ਮਿਲ ਰਹੇ ਹਨ ‘ਆਪ’ ਆਗੂ- ਆਮ ਆਦਮੀ ਪਾਰਟੀ ਦੇ ਕਈ ਆਗੂ ਦੀਵਾਲੀ ਦੇ ਤਿਉਹਾਰ ਦੇ ਬਹਾਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ਮਿਲ ਰਹੇ ਹਨ ਤੇ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਰਹੇ ਹਨ। ਕਈ ਆਗੂ ਪਾਰਟੀ ਦੀ ਹਾਈਕਮਾਂਡ ਤੱਕ ਆਪਣੀ ਪਹੁੰਚ ਬਣਾਉਣ ਅਤੇ ਟਿਕਟ ਲਈ ਦਾਅਵੇਦਾਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਵੱਲੋਂ 31 ਅਕਤੂਬਰ ਨੂੰ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਬਾਕੀ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਮੰਥਨ ਜਾਰੀ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਦੂਜੀ ਸੂਚੀ ਵਿੱਚ ਵੀ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸੇ ਕਾਰਨ ਟਿਕਟ ਦੇ ਚਾਹਵਾਨ ਆਗੂ ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸੰਪਰਕ ਬਣਾਉਣ ਵਿੱਚ ਜੁਟੇ ਹੋਏ ਹਨ।

ਵਿਧਾਇਕਾਂ ਦੀ ਕਾਰਗੁਜ਼ਾਰੀ ਬਣੇਗੀ ਟਿਕਟ ਦਾ ਆਧਾਰ- ਇਸ ਵਾਰ ਸਭ ਤੋਂ ਵੱਧ ਚਰਚਾ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਨੂੰ ਲੈ ਕੇ ਹੋ ਰਹੀ ਹੈ। ਪਾਰਟੀ ਅੰਦਰ ਇਹ ਚਰਚਾ ਹੈ ਕਿ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਕਰਵਾਏ ਗਏ ਅੰਦਰੂਨੀ ਸਰਵੇਖਣਾਂ ਅਤੇ ਹਲਕਿਆਂ ਵਿੱਚ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਉਮੀਦਵਾਰਾਂ ਦੀ ਚੋਣ ਦਾ ਅਹਿਮ ਆਧਾਰ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਵਿਧਾਇਕਾਂ ਪ੍ਰਤੀ ਲੋਕਾਂ ਵਿੱਚ ਨਾਰਾਜ਼ਗੀ ਹੈ ਜਾਂ ਜਿਨ੍ਹਾਂ ਦੀ ਆਪਣੇ ਹਲਕਿਆਂ ਵਿੱਚ ਪਕੜ ਕਮਜ਼ੋਰ ਮੰਨੀ ਜਾ ਰਹੀ ਹੈ, ਉਨ੍ਹਾਂ ਦੀਆਂ ਟਿਕਟਾਂ ਖ਼ਤਰੇ ਵਿੱਚ ਪੈ ਸਕਦੀਆਂ ਹਨ।

ਦਿੱਲੀ ਚੋਣਾਂ ਵਿੱਚ ਵੀ ‘ਆਪ’ ਬਦਲਦੀ ਰਹੀ ਹੈ ਉਮੀਦਵਾਰ- ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਚਰਚਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਅਪਣਾਈ ਗਈ ਰਣਨੀਤੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਸੀ। ਇਸ ਲਈ ਪੰਜਾਬ ਵਿੱਚ ਵੀ ਪਾਰਟੀ ਵੱਲੋਂ ਅਜਿਹੀ ਰਣਨੀਤੀ ਅਪਣਾਏ ਜਾਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਪਾਰਟੀ ਲਈ ਇਸ ਵਾਰ ਸਭ ਤੋਂ ਵੱਡੀ ਚੁਣੌਤੀ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਦੇ ਨਾਲ-ਨਾਲ ਟਿਕਟ ਨਾ ਮਿਲਣ ਵਾਲੇ ਆਗੂਆਂ ਦੀ ਨਾਰਾਜ਼ਗੀ ਨੂੰ ਦੂਰ ਕਰਨਾ ਵੀ ਹੋਵੇਗੀ ਕਿਉਂਕਿ ਟਿਕਟਾਂ ਦੇ ਐਲਾਨ ਮਗਰੋਂ ਪਾਰਟੀ ਅੰਦਰ ਬਗਾਵਤ ਅਤੇ ਧੜੇਬੰਦੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਦੂਜੀ ਸੂਚੀ ’ਤੇ ਸਿਰਫ਼ ਟਿਕਟ ਦੇ ਚਾਹਵਾਨਾਂ ਹੀ ਨਹੀਂ, ਸਗੋਂ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਵਿਰੋਧੀ ਪਾਰਟੀਆਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ।

Related posts

ਕੈਨੇਡਾ ਸਰਕਾਰ ਵੱਲੋਂ ਸੁਰੱਖਿਆ ਬਲਾਂ ’ਚ ਵਿਦੇਸ਼ੀਆਂ ਦੀ ਭਰਤੀ ਸ਼ੁਰੂ

Current Updates

ਕੜਕਦੀ ਧੁੱਪ ਤੋਂ ਬਾਅਦ ਮੌਸਮ ਦਾ ਮਿਜਾਜ਼ ਬਦਲਿਆ: ਤੇਜ਼ ਹਵਾਵਾਂ ਤੇ ਮੀਂਹ ਨੇ ਦਿੱਤੀ ਦਸਤਕ, ਗੜ੍ਹੇਮਾਰੀ ਨਾਲ ਤਾਪਮਾਨ ਡਿੱਗਿਆ

Current Updates

ਜਦੋਂ ਪ੍ਰੈਸ ਰਿਪੋਰਟਰ ਨੇ ਟਰੰਪ ਨੂੰ ਦਿੱਤਾ ਅਜੀਬ ਝਟਕਾ !

Current Updates

Leave a Comment