ਚੰਡੀਗੜ੍ਹ- ਪੰਜਾਬ ਪੁਲੀਸ ਨੇ ਅੱਜ ਡੋਨੀ ਬੱਲ-ਪ੍ਰਭ ਦੱਸੂਵਾਲ ਗੈਂਗ ਦੇ ਮੁੱਖ ਸਰਗਨੇ ਗੁਰਵਿੰਦਰ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਿਰੋਧੀ ਧੜੇ ਦੇ ਗੈਂਗਸਟਰਾਂ ਦੇ ਕਤਲ ਸਮੇਤ 35 ਮਾਮਲਿਆਂ ਵਿੱਚ ਲੋੜੀਂਦਾ ਸੀ।
‘ਅਪਰੇਸ਼ਨ ਸ਼ਹੀਦ’ ਤਹਿਤ 10 ਮਹੀਨਿਆਂ ਦੀ ਕੌਮਾਂਤਰੀ ਭਾਲ ਤੋਂ ਬਾਅਦ ਉਸਨੂੰ ਵਾਪਸ ਲਿਆਂਦਾ ਗਿਆ ਹੈ ਅਤੇ ਅੱਜ ਤੜਕੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪੁਲੀਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਸੂਤਰਾਂ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਪੁਲੀਸ ਨੇ ਕਿਸੇ ਅਫਰੀਕੀ ਦੇਸ਼ ਤੋਂ ਕਿਸੇ ਭਗੌੜੇ ਨੂੰ ਡਿਪੋਰਟ ਕਰਵਾ ਕੇ ਵਾਪਸ ਲਿਆਂਦਾ ਹੈ। ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਵੱਲੋਂ ਇਹ ਅਪਰੇਸ਼ਨ ਕੇਂਦਰੀ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਗੈਂਗਸਟਰ ਦੀ ਗ੍ਰਿਫ਼ਤਾਰੀ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ।
