ਪਟਿਆਲਾ- ਵੱਡੀ ਨਦੀ ਤੋਂ ਛੋਟੀ ਨਦੀ ਤੱਕ ਤੇਜ਼ਬਾਗ ਕਲੋਨੀ ਇਲਾਕੇ ਦੀ ਮੁੱਖ ਸੜਕ ਹੁਣ ਰਾਤ ਸਮੇਂ ਜਗਮਗ ਰਹੇਗੀ। ਨਗਰ ਨਿਗਮ ਪਟਿਆਲਾ ਦੇ ਫੰਡਾਂ ਨਾਲ ਇਲਾਕੇ ਦੀ ਮੁੱਖ ਸੜਕ ’ਤੇ 55 ਨਵੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਲਾਈਟਾਂ ਦਾ ਸਵਿੱਚ ਔਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਪਾਰਟੀ ਦੇ ਯੂਥ ਆਗੂ ਅਤੇ ਟ੍ਰੇਡ ਕਮਿਸ਼ਨ ਦੇ ਮੈਂਬਰ ਰਜਤ ਗੋਇਲ ਹੱਥੋਂ ਕਰਵਾਇਆ।
ਤੇਜਿੰਦਰ ਮਹਿਤਾ ਨੇ ਕਿਹਾ ਕਿ ਵਰਕਰਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਨੂੰ ਵਿਕਾਸ ਕਾਰਜਾਂ ਨਾਲ ਜੋੜਨ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਨੇ ਇਹ ਉਦਘਾਟਨ ਆਪਣੇ ਹੱਥੋਂ ਕਰਨ ਦੀ ਬਜਾਏ ਪਾਰਟੀ ਦੇ ਨੌਜਵਾਨ ਆਗੂ ਰਜਤ ਗੋਇਲ ਹੱਥੋਂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਹੱਥੋਂ ਕਰਵਾਉਂਦੇ ਰਹੇ ਹਨ ਅਤੇ ਅੱਗੇ ਵੀ ਇਹ ਪਰੰਪਰਾ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਵਾਰਡ ਨੰਬਰ 34 ਤੋਂ ਬਤੌਰ ਐਮਸੀ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਤੇਜ਼ਬਾਗ ਕਲੋਨੀ ਦੀ ਮੁੱਖ ਸੜਕ ’ਤੇ 55 ਨਵੀਆਂ ਸਟਰੀਟ ਲਾਈਟਾਂ ਲੱਗ ਸਕੀਆਂ ਹਨ। ਇਨ੍ਹਾਂ ਲਾਈਟਾਂ ਨਾਲ ਇਲਾਕਾ ਰਾਤ ਸਮੇਂ ਰੌਸ਼ਨ ਰਹੇਗਾ, ਜਿਸ ਨਾਲ ਲੋਕਾਂ ਲਈ ਆਵਾਜਾਈ ਅਤੇ ਸੁਰੱਖਿਆ ਵਿੱਚ ਵੀ ਸੁਧਾਰ ਹੋਵੇਗਾ।
ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਗਰ ਨਿਗਮ ਵੱਲੋਂ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨਾਲ ਜੁੜੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ।
ਤੇਜਿੰਦਰ ਮਹਿਤਾ ਨੇ ਨਗਰ ਨਿਗਮ ਪਟਿਆਲਾ ਦੇ ਫੰਡਾਂ ਵਿੱਚੋਂ ਇਹ ਸਟਰੀਟ ਲਾਈਟਾਂ ਲਗਾਉਣ ਲਈ ਮੇਅਰ ਕੁੰਦਨ ਗੋਗੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਮੁੱਖ ਸੜਕ ’ਤੇ 55 ਨਵੀਆਂ ਸਟਰੀਟ ਲਾਈਟਾਂ ਲੱਗਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤੇਜਿੰਦਰ ਮਹਿਤਾ ਦਾ ਧੰਨਵਾਦ ਕੀਤਾ।
ਇਸ ਮੌਕੇ ਦਵਿੰਦਰ ਧੀਮਾਨ ਰੋਡਾ, ਗੁਰਪ੍ਰੀਤ ਸਿੰਘ, ਚੰਨੀ ਸਿੰਘ, ਅਮਰਜੀਤ ਧੀਮਾਨ, ਧੀਰਜ ਗੋਇਲ, ਰਿੰਕੂ ਸਿੰਗਲਾ, ਗੁਰਮੀਤ ਸਿੰਘ, ਵਪਾਰੀ ਨੇਤਾ ਰਵਿੰਦਰ ਸਿੰਗਲਾ, ਸੋਨਮ ਬੰਸਲ, ਠੇਕੇਦਾਰ ਮਨੋਜ ਗੁਪਤਾ, ਰਾਹੁਲ ਸੇਠੀ, ਰਾਜੀਵ ਰਾਓ, ਚਰਨਜੀਤ ਸਿੰਘ ਹੈਪੀ, ਮਨਜੀਤ ਸਿੰਘ ਢਿਲੋਂ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟਕੇਜਾ, ਨਰਿੰਦਰ ਛਾਬੜਾ, ਅਮਰਨਾਥ ਧੀਮਾਨ, ਐਸਕੇ ਤਨੇਜਾ, ਰੋਹਿਤ ਗੁਪਤਾ, ਪ੍ਰਦੀਪ ਗੁਪਤਾ, ਅਸ਼ੋਕ ਮਿੱਤਲ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
