September 1, 2026
ਖਾਸ ਖ਼ਬਰਰਾਸ਼ਟਰੀ

ਆਤਿਸ਼ੀ ਵਿਵਾਦਿਤ ਟਿੱਪਣੀ: ਦਿੱਲੀ ਭਾਜਪਾ ਪ੍ਰਧਾਨ ਵੱਲੋਂ ਐਕਸ ’ਤੇ ਵੀਡੀਓ ਪੋਸਟ; ਕੇਜਰੀਵਾਲ ਨੂੰ ਐੱਫਆਈਆਰ ਦਰਜ ਕਰਨ ਦੀ ਚੁਣੌਤੀ

ਆਤਿਸ਼ੀ ਵਿਵਾਦਿਤ ਟਿੱਪਣੀ: ਦਿੱਲੀ ਭਾਜਪਾ ਪ੍ਰਧਾਨ ਵੱਲੋਂ ਐਕਸ ’ਤੇ ਵੀਡੀਓ ਪੋਸਟ; ਕੇਜਰੀਵਾਲ ਨੂੰ ਐੱਫਆਈਆਰ ਦਰਜ ਕਰਨ ਦੀ ਚੁਣੌਤੀ

ਨਵੀਂ ਦਿੱਲੀ- ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਐਤਵਾਰ ਨੂੰ ‘ਆਪ’ ਆਗੂ ਆਤਿਸ਼ੀ ਦੀ ਵਿਵਾਦਿਤ ਟਿੱਪਣੀ ਵਾਲੀ ਵੀਡੀਓ ਐਕਸ ’ਤੇ ਪੋਸਟ ਕਰਦਿਆਂ ਅਰਵਿੰਦ ਕੇਜਰੀਵਾਲ ਨੂੰ ਆਪਣੇ ਖਿਲਾਫ਼ ਐੱਫਆਈਆਰ ਦਰਜ ਕਰਨ ਦੀ ਚੁਣੌਤੀ ਦਿੱਤੀ ਹੈ। ਕਾਬਿਲੇਗੌਰ ਹੈ ਕਿ ‘ਆਪ’ ਸ਼ਾਸਿਤ ਪੰਜਾਬ ਰਾਜ ਦੀ ਪੁਲੀਸ ਨੇ ਆਤਿਸ਼ੀ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਲਈ ਦਿੱਲੀ ਸਰਕਾਰ ’ਚ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਖਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ’ਤੇ ਗੁਰੂ ਤੇਗ ਬਹਾਦਰ ਦਾ ਨਿਰਾਦਰ ਕਰਨ ਦੋਸ਼ ਲਗਾਇਆ ਗਿਆ ਹੈ। ਆਤਿਸ਼ੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਆਪ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵੱਲੋਂ ਪੋਸਟ ਕੀਤੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।

ਸਚਦੇਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਕਪਿਲ ਮਿਸ਼ਰਾ ਵੱਲੋਂ ਪੋਸਟ ਕੀਤੀ ਵੀਡੀਓ ਪ੍ਰਮਾਣਿਕ ਹੈ ਤੇ ਦਿੱਲੀ ਅਸੈਂਬਲੀ ਦੇ ਸਪੀਕਰ ਨੇ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇ ਹਨ। ਇਕ ਵਾਰ ਰਿਪੋਰਟ ਆ ਜਾਵੇ ਸੱਚ ਸਾਹਮਣੇ ਆ ਜਾਵੇਗਾ।’’ ਸੱਚਦੇਵਾ ਨੇ ਆਪ ਦੇ ਕੌਮੀ ਕਨਵੀਨਰ ਨੂੰ ਚੁਣੌਤੀ ਦਿੰਦਿਆਂ ਕਿਹਾ, ‘‘ਮੈਂ ਖ਼ੁਦ ਤੇ ਹਜ਼ਾਰਾਂ ਹੋਰ ਭਾਜਪਾ ਵਰਕਰ ਆਤਿਸ਼ੀ ਦੀ ਵੀਡੀਓ ਨੂੰ ਐਕਸ ’ਤੇ ਪੋਸਟ ਕਰ ਰਹੇ ਹਨ। ਜੇਕਰ ਕੇਜਰੀਵਾਲ ’ਚ ਹਿੰਮਤ ਹੈ ਤੇ ਉਹ ਸਾਡੇ ਸਾਰਿਆਂ ਖਿਲਾਫ਼ ਐੱਫਆਈਆਰ ਦਰਜ ਕਰਵਾਏ।’’ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੋਈ ਵੀ ਭਾਜਪਾ ਵਰਕਰ ਕੇਜਰੀਵਾਲ ਦੇ ਕਹਿਣ ’ਤੇ ਦਰਜ ‘ਝੂਠੀ’ ਐੱਫਆਈਆਰ ਤੋਂ ਨਹੀਂ ਡਰਦਾ। ਸਚਦੇਵਾ ਨੇ ਦੋਸ਼ ਲਗਾਇਆ ਕਿ ਜਿਸ ਦਿਨ ਦਿੱਲੀ ਵਿਧਾਨ ਸਭਾ ਵਿੱਚ ਇਹ ਘਟਨਾ ਵਾਪਰੀ, ਉਸੇ ਦਿਨ ਆਤਿਸ਼ੀ ਗੋਆ ਲਈ ਰਵਾਨਾ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਦੀ ਕਾਰਵਾਈ ਦੇ ਅਗਲੇ ਤਿੰਨ ਦਿਨਾਂ ਦੌਰਾਨ, ‘ਆਪ’ ਆਗੂ ਨੇ ਸਪੀਕਰ ਵੱਲੋਂ ਉਨ੍ਹਾਂ ਨੂੰ ਬੇਨਤੀ ਕਰਨ ਦੇ ਬਾਵਜੂਦ ਆਪਣਾ ਪੱਖ ਨਹੀਂ ਰੱਖਿਆ।

ਸਚਦੇਵਾ ਨੇ ਕਿਹਾ, ‘‘ਆਪ ਵਿਧਾਇਕਾਂ ਵੱਲੋਂ ਫੋਰੈਂਸਿਕ ਜਾਂਚ ਦੀ ਮੰਗ ਕਰਨ ਤੋਂ ਬਾਅਦ, ਸਪੀਕਰ ਨੇ ਵੀਡੀਓ ਦੀ ਜਾਂਚ ਦੇ ਹੁਕਮ ਦਿੱਤੇ। ਹਾਲਾਂਕਿ, ਫੋਰੈਂਸਿਕ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਹੀ, ਪੰਜਾਬ ਸਰਕਾਰ ਨੇ ਆਤਿਸ਼ੀ ਨੂੰ ਕਲੀਨ ਚਿੱਟ ਦੇ ਦਿੱਤੀ ਅਤੇ ਮੰਤਰੀ ਕਪਿਲ ਮਿਸ਼ਰਾ ਵਿਰੁੱਧ ਐਫਆਈਆਰ ਦਰਜ ਕਰ ਲਈ।’’ ਕਾਬਿਲੇਗੌਰ ਹੈ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸ਼ਨਿੱਚਰਵਾਰ ਨੂੰ ਪੰਜਾਬ ਪੁਲੀਸ ਦੇ ਤਿੰਨ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ ਕਿ ਸਦਨ ਦੀ ਮਲਕੀਅਤ ਵਾਲੀ ਵੀਡੀਓ ਰਿਕਾਰਡਿੰਗ ਦੇ ਆਧਾਰ ’ਤੇ ਐਫਆਈਆਰ ਕਿਵੇਂ ਦਰਜ ਕੀਤੀ ਗਈ।

ਇਸ ਦੌਰਾਨ, ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਸਮੇਤ ਕਈ ‘ਆਪ’ ਆਗੂਆਂ ਨੂੰ ਐਤਵਾਰ ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਹ ਗੁਰੂ ਤੇਗ ਬਹਾਦਰ ਦੇ ਮੁੱਦੇ ’ਤੇ ਭਾਜਪਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ‘ਆਪ’ ਵਿਧਾਇਕ ਸੰਜੀਵ ਝਾਅ ਨੇ ਕਿਹਾ, ‘‘ਭਾਜਪਾ ਨੂੰ ਗੁਰੂ ਤੇਗ ਬਹਾਦਰ ਦੇ ਸਬੰਧ ਵਿੱਚ ਜਾਅਲੀ ਵੀਡੀਓ ਬਣਾਉਣ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਹ ਉਨ੍ਹਾਂ ਦੀ ਸੌੜੀ ਸਿਆਸਤ ਹੈ। ਉਨ੍ਹਾਂ ਨੇ ਦਿੱਲੀ ਦੇ ਅਸਲ ਮੁੱਦਿਆਂ ਤੋਂ ਭੱਜਣ ਲਈ ਇਹ ਜਾਅਲੀ ਵੀਡੀਓ ਬਣਾਇਆ। ਲੋਕ ਗੁਰੂ ਦੇ ਇਸ ਨਿਰਾਦਰ ਨੂੰ ਮੁਆਫ ਨਹੀਂ ਕਰਨਗੇ।’’ ਉਨ੍ਹਾਂ ਦੋਸ਼ ਲਗਾਇਆ ਕਿ ਸਾਰੇ ਭਾਜਪਾ ਆਗੂਆਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

Related posts

ਚੰਡੀਗੜ੍ਹ ’ਚ ਨੌਂ ਠੇਕਿਆਂ ਨੂੰ ਨਾ ਮਿਲਿਆ ਖਰੀਦਦਾਰ

Current Updates

‘ਨਵੇਂ ਸਾਲ ਤੱਕ ਖੁਦਕੁਸ਼ੀ ਕਰ ਲਵਾਂਗਾ…’ ਗੇਮ ਚੇਂਜਰ ਦਾ ਟ੍ਰੇਲਰ ਰਿਲੀਜ਼ ਨਾ ਹੋਣ ‘ਤੇ ਰਾਮ ਚਰਨ ਦੇ ਫੈਨ ਨੇ ਦਿੱਤੀ ਧਮਕੀ

Current Updates

ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਦਿੱਤੀ ਸਰੀਰਕ ਫਿੱਟਨੈੱਸ ਦੀ ਸਲਾਹ

Current Updates

Leave a Comment