ਸ੍ਰੀਨਗਰ- ਕਸ਼ਮੀਰ ਵਾਦੀ ਵਿਚ ਠੰਢ ਵਧ ਗਈ ਹੈ ਤੇ ਇੱਥੋਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਮਨਫੀ ਤੋਂ ਹੇਠਾਂ ਆ ਗਿਆ ਹੈ। ਸ੍ਰੀਨਗਰ ਵਿੱਚ ਸ਼ੁੱਕਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੀ ਰਾਤ ਦੇ ਮੁਕਾਬਲੇ ਹੋਰ ਘੱਟ ਹੈ। ਉੱਤਰੀ ਕਸ਼ਮੀਰ ਵਿਚ ਸਕੀ ਰਿਜ਼ੌਰਟ ਗੁਲਮਰਗ ਸਭ ਤੋਂ ਠੰਢਾ ਰਿਹਾ, ਜਿੱਥੇ ਪਾਰਾ ਮਨਫ਼ੀ 6.5 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਜ਼ੀਗੁੰਡ ਵਿੱਚ ਪਾਰਾ ਮਨਫ਼ੀ 2.6 ਡਿਗਰੀ, ਕੋਕਰਨਾਗ ਵਿੱਚ ਮਨਫ਼ੀ 0.8 ਡਿਗਰੀ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.6 ਡਿਗਰੀ ਸੈਲਸੀਅਸ ਰਿਹਾ। ਇਸ ਖੇਤਰ ਵਿਚ ਇਸ ਵੇਲੇ 40 ਦਿਨਾਂ ਦੀ ਅਤਿਅੰਤ ਠੰਢ ਦਾ ਦੌਰ ਚੱਲ ਰਿਹਾ ਹੈ ਜਿਸ ਦੌਰਾਨ ਰਾਤ ਦਾ ਤਾਪਮਾਨ ਅਕਸਰ ਜਮਾਅ ਬਿੰਦੂ ਤੋਂ ਕਈ ਡਿਗਰੀ ਹੇਠਾਂ ਡਿੱਗ ਜਾਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਹਾਲਾਂਕਿ, ਇਸ ਸੀਜ਼ਨ ਵਿੱਚ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਹੁਣ ਤੱਕ ਕੋਈ ਬਰਫ਼ਬਾਰੀ ਨਹੀਂ ਹੋਈ ਹੈ। ਭਾਰਤ ਮੌਸਮ ਵਿਭਾਗ ਨੇ 5 ਅਤੇ 6 ਜਨਵਰੀ ਨੂੰ ਉੱਤਰੀ ਅਤੇ ਮੱਧ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਦੂਰ-ਦੁਰਾਡੇ ਥਾਵਾਂ ’ਤੇ ਹਲਕਾ ਮੀਂਹ ਜਾਂ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਪਹਿਲਾਂ 4 ਜਨਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।
