ਲਹਿਰਾਗਾਗਾ: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਨੇੜਲੇ ਪਿੰਡ ਕੜੈਲ ਵਿੱਚ ਘੱਗਰ ਦਰਿਆ ਦੀ ਬੁਰਜੀ 3900 ਆਰ ਡੀ ਉੱਤੇ ਇਨਲੈੱਟ ਗੇਟ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਲਾਕੇ ਦੇ ਕਿਸਾਨਾਂ ਲਈ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਮੀਂਹ ਦੇ ਦਿਨਾਂ ਵਿੱਚ ਇਲਾਕੇ ਦੇ ਕਈ ਪਿੰਡਾਂ ਦਾ 1000 ਏਕੜ ਤੋਂ ਵੱਧ ਰਕਬਾ ਪਾਣੀ ਵਿੱਚ ਡੁੱਬ ਜਾਂਦਾ ਹੈ, ਜਿਸ ਨਾਲ ਵੱਡਾ ਨੁਕਸਾਨ ਹੁੰਦਾ ਹੈ। ਨਵੇਂ ਇਨਲੈੱਟ ਗੇਟ ਰਾਹੀਂ ਮੀਂਹ ਦਾ ਪਾਣੀ ਸਿੱਧਾ ਘੱਗਰ ਦਰਿਆ ਵਿੱਚ ਛੱਡਿਆ ਜਾ ਸਕੇਗਾ। ਇਹ ਪ੍ਰਾਜੈਕਟ 32 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਇਸ ਨੂੰ ਡੇਢ ਮਹੀਨੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇਲਾਕਾ ਵਾਸੀਆਂ ਦੀ ਵੱਡੀ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਘੱਗਰ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਪਿਛਾਂਹ ਹੋ ਗਿਆ ਹੈ। ਉਨ੍ਹਾਂ ਮਗਨਰੇਗਾ ਯੋਜਨਾ ਵਿੱਚ ਕੀਤੇ ਬਦਲਾਅ ਨੂੰ ਗਰੀਬ ਕਿਰਤੀ ਲੋਕਾਂ ਤੋਂ ਰੁਜ਼ਗਾਰ ਖੋਹਣ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ। ਘੱਗਰ ਦਰਿਆ ਦੀ ਹਾਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਖੇਤਰ ਹਰ ਸਾਲ ਹੜ੍ਹਾਂ ਦੀ ਮਾਰ ਝੱਲਦਾ ਹੈ। ਇਸ ਵਾਰ ਵੀ ਘੱਗਰ ਵਿੱਚ ਪਾਣੀ 753 ਫੁੱਟ ਤੱਕ ਚੜ੍ਹ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਅਗਾਊਂ ਪ੍ਰਬੰਧਾਂ ਸਦਕਾ ਵੱਡਾ ਨੁਕਸਾਨ ਹੋਣੋ ਟਲ਼ ਗਿਆ।
