ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਇੱਕ ਫਲਾਈਟ ਜਦੋਂ ਸੰਘਣੀ ਧੁੰਦ ਕਾਰਨ ਪ੍ਰਭਾਵਿਤ ਹੋਈ, ਤਾਂ ਯਾਤਰੀਆਂ ਦੀ ਪਰੇਸ਼ਾਨੀ ਨੂੰ ਇੱਕ ਏਅਰ ਹੋਸਟੈੱਸ ਨੇ ਆਪਣੀ ਪੰਜਾਬੀ ‘ਗੱਪ-ਸ਼ੱਪ’ ਅਤੇ ਹਾਸੇ-ਮਜ਼ਾਕ ਨਾਲ ਖੁਸ਼ੀ ਵਿੱਚ ਬਦਲ ਦਿੱਤਾ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ, ਜਿਸ ਵਿੱਚ ਏਅਰ ਹੋਸਟੈੱਸ ਦੀ ਹਾਜ਼ਰ-ਜਵਾਬੀ ਦੇਖਣ ਵਾਲੀ ਹੈ। ਵੀਡੀਓ ਵਿੱਚ ਏਅਰ ਹੋਸਟੈੱਸ ਯਾਤਰੀਆਂ ਨਾਲ ਮਜ਼ਾਕ ਕਰਦਿਆਂ ਕਹਿੰਦੀ ਹੈ, “ ਇਹ ਲਓ, ਇੱਥੇ ਕੁਲਚੇ ਖਾਣੇ ਸੀ, ਤੁਸੀਂ ਛੋਲੇ-ਭਟੂਰੇ ਦੇ ਲਈ ਬੈਠੇ ਹੋ?”
ਇੰਸਟਾਗ੍ਰਾਮ ’ਤੇ @food_mehkma ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 55 ਲੱਖ (5.5 ਮਿਲੀਅਨ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਯੂਜ਼ਰਸ ਨੇ ਏਅਰ ਹੋਸਟੈੱਸ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਮੁਸ਼ਕਿਲ ਹਾਲਤਾਂ ਵਿੱਚ ਵੀ ਸਬਰ ਅਤੇ ਪਿਆਰ ਨਾਲ ਗੱਲ ਕਰਨੀ ਇੱਕ ਵੱਡੀ ਕਲਾ ਹੈ। ਵੀਡੀਓ ਦੇ ਹੇਠਾਂ ਲੋਕਾਂ ਨੇ ਕਮੈਂਟ ਕੀਤੇ ਕਿ ਜੇਕਰ ਅਮਲਾ ਇੰਨਾ ਸਹਿਯੋਗੀ ਹੋਵੇ, ਤਾਂ ਯਾਤਰੀ ਵੀ ਸਥਿਤੀ ਨੂੰ ਸਮਝਦੇ ਹਨ ਅਤੇ ਗੁੱਸਾ ਕਰਨ ਦੀ ਬਜਾਏ ਸਾਥ ਦਿੰਦੇ ਹਨ |
