December 27, 2025
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਹੁਣ ਅੰਗਰੇਜ਼ੀ-ਹਿੰਦੀ ਦੀਆਂ ਕਿਤਾਬਾਂ ਵਿੱਚ ਵੀ ਹੋਵੇਗਾ ‘ਊੜਾ ਐੜਾ’

ਹੁਣ ਅੰਗਰੇਜ਼ੀ-ਹਿੰਦੀ ਦੀਆਂ ਕਿਤਾਬਾਂ ਵਿੱਚ ਵੀ ਹੋਵੇਗਾ ‘ਊੜਾ ਐੜਾ’
ਚੰਡੀਗੜ੍ਹ- ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦਿਆਂ ਵਿਦਿਆਰਥੀਆਂ ਦੇ ਗੁਰਮੁਖੀ ਲਿਪੀ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ ਪੁਸਤਕਾਂ ਵਿੱਚ ਗੁਰਮੁਖੀ ਲਿਪੀ ਦੀ ਵਰਣਮਾਲਾ ਦਾ ਇੱਕ ਪੰਨਾ ਸ਼ਾਮਲ ਕੀਤਾ ਜਾ ਰਿਹਾ ਹੈ। ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਦੇ ਲਗਪਗ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਨ ਵਾਲੀ ਇਸ ਕਵਾਇਦ ਦਾ ਉਦੇਸ਼ ਗੁਰਮੁਖੀ ਲਿਪੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ। ਇਹ ਪਾਠ-ਪੁਸਤਕਾਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਛਾਪੀਆਂ ਜਾ ਰਹੀਆਂ ਹਨ। ‘ਪ੍ਰਥਮ’ ਦੀ ਇਸ ਸਾਲ ਦੀ ਰਿਪੋਰਟ (ASER) ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ ਲਗਪਗ 15 ਫੀਸਦੀ ਵਿਦਿਆਰਥੀ ਸਿਰਫ਼ ਗੁਰਮੁਖੀ ਦੇ ਅੱਖਰ ਪੜ੍ਹ ਸਕਦੇ ਸਨ ਪਰ ਸ਼ਬਦ ਨਹੀਂ ਅਤੇ 4.6 ਫੀਸਦੀ ਵਿਦਿਆਰਥੀ ਪੰਜਾਬੀ ਦੇ ਅੱਖਰ ਵੀ ਨਹੀਂ ਪੜ੍ਹ ਸਕਦੇ ਸਨ।
ਪੇਂਡੂ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਬਾਰੇ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਤੀਜੀ ਜਮਾਤ ਦੇ 28 ਫੀਸਦੀ ਵਿਦਿਆਰਥੀ ਪਹਿਲੀ ਜਮਾਤ ਦੇ ਪੱਧਰ ਦਾ ਪਾਠ ਪੜ੍ਹ ਸਕਦੇ ਸਨ, ਜਦਕਿ ਉਨ੍ਹਾਂ ਵਿੱਚੋਂ ਸਿਰਫ਼ 34 ਫੀਸਦੀ ਹੀ ਦੂਜੀ ਜਮਾਤ ਦੇ ਪੱਧਰ ਦਾ ਪਾਠ ਪੜ੍ਹਨ ਦੇ ਯੋਗ ਸਨ। ਇਹ ਵੀ ਸਾਹਮਣੇ ਆਇਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਹਰ 100 ਵਿਦਿਆਰਥੀਆਂ ਵਿੱਚੋਂ ਸਿਰਫ਼ 47 ਵਿਦਿਆਰਥੀ ਹੀ ਆਪਣੀ ਮਾਤ ਭਾਸ਼ਾ (ਪੰਜਾਬੀ) ਵਿੱਚ ਪੂਰੀ ਕਹਾਣੀ ਪੜ੍ਹ ਸਕਦੇ ਸਨ।
ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਭਾਸ਼ਾ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਵਿਦਿਆਰਥੀਆਂ ਦੇ ਗੁਰਮੁਖੀ ਪੜ੍ਹਨ ਦੇ ਹੁਨਰ ਨੂੰ ਤੇਜ਼ ਕਰਨ ਦੀ ਲੋੜ ਹੈ। ਪੰਜਾਬੀ ਭਾਸ਼ਾ ਦੀਆਂ ਪਾਠ-ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਮੁੱਖਬੰਧ (preface) ਤੋਂ ਪਹਿਲਾਂ ਅਤੇ ਕਿਤਾਬ ਦੇ ਅਖੀਰ ਵਿੱਚ ਛਾਪੀ ਜਾਵੇਗੀ। ਹਿੰਦੀ ਅਤੇ ਅੰਗਰੇਜ਼ੀ ਦੀਆਂ ਪਾਠ-ਪੁਸਤਕਾਂ ਲਈ, ਸਬੰਧਤ ਭਾਸ਼ਾ ਦੀ ਵਰਣਮਾਲਾ ਦੇ ਹੇਠਾਂ ਗੁਰਮੁਖੀ ਅੱਖਰ ਛਾਪੇ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਦਾ ਇਸ ਪਾਸੇ ਧਿਆਨ ਖਿੱਚਣਾ ਹੈ। ਆਉਣ ਵਾਲੇ ਅਕਾਦਮਿਕ ਸੈਸ਼ਨ 2026-2027 ਤੋਂ ਭਾਸ਼ਾ ਦੀਆਂ ਕਿਤਾਬਾਂ ਵਿੱਚ ਇਹ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਵੇਗੀ।

Related posts

ਪੰਜਾਬ ਸਰਕਾਰ ਵੱਲੋਂ ਮੁਕਤਸਰ ਦਾ ਡੀਸੀ ਰਾਜੇਸ਼ ਤ੍ਰਿਪਾਠੀ ਮੁਅੱਤਲ

Current Updates

ਪੰਜਾਬ ਦੀਆਂ ਮੰਗਾਂ ਮੰਨਣ ਲਈ ਕੇਂਦਰ ਤਿਆਰ: ਬਿੱਟੂ

Current Updates

ਦਿੱਲੀ: ਕਰੋਨਾ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ

Current Updates

Leave a Comment