ਪਟਿਆਲਾ- ਪਟਿਆਲਾ ਦੇ ਇੱਕ ਨਿੱਜੀ ਸਕੂਲ ਨੂੰ ਮੰਗਲਵਾਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੇ ਸਕੂਲ ਦੀ ਬਾਰੀਕੀ ਨਾਲ ਜਾਂਚ ਕੀਤੀ।ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਹ ਧਮਕੀ ਮਹਿਜ਼ ਇੱਕ ਅਫ਼ਵਾਹ ਸਾਬਤ ਹੋਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਜਲੰਧਰ ਦੇ ਕਈ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਬਾਅਦ ਵਿੱਚ ਝੂਠੀਆਂ ਨਿਕਲੀਆਂ ਸਨ। ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਅਰਬਨ ਸਟੇਟ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਸਕੂਲ ਵੱਲੋਂ ਬੰਬ ਦੀ ਧਮਕੀ ਬਾਰੇ ਸੂਚਿਤ ਕੀਤੇ ਜਾਣ ਤੋਂ ਤੁਰੰਤ ਬਾਅਦ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਐਂਟੀ-ਸਬੋਤਾਜ ਸਕੁਐਡ ਨੇ ਪੂਰੇ ਕੈਂਪਸ ਦੀ ਤਲਾਸ਼ੀ ਲਈ, ਪਰ ਉੱਥੇ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਪੁਲੀਸ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਸਨ। ਐਸਐਸਪੀ ਸ਼ਰਮਾ ਨੇ ਕਿਹਾ, “ ਹਾਲਾਂਕਿ ਈਮੇਲ ਸਿਰਫ਼ ਇੱਕ ਸਕੂਲ ਨੂੰ ਮਿਲੀ ਸੀ, ਪਰ ਸ਼ਹਿਰ ਦੇ ਇੱਕ-ਦੋ ਹੋਰ ਸਕੂਲਾਂ ਨੇ ਵੀ ਸਾਵਧਾਨੀ ਵਜੋਂ ਵਿਦਿਆਰਥੀਆਂ ਨੂੰ ਛੁੱਟੀ ਕਰਕੇ ਘਰ ਭੇਜ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਖੁਦ ਮੌਕੇ ’ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੁਲੀਸ ਨੇ ਦੱਸਿਆ ਕਿ ਈਮੇਲ ਕਿੱਥੋਂ ਭੇਜੀ ਗਈ ਹੈ, ਇਸ ਦਾ ਪਤਾ ਲਗਾਉਣ ਲਈ ਵਿਗਿਆਨਕ ਅਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਮਾਹਿਰ ਉਸ IP ਐਡਰੈੱਸ, ਦੇਸ਼, ਰਾਜ ਅਤੇ ਡਿਵਾਈਸ ਦੀ ਜਾਂਚ ਕਰ ਰਹੇ ਹਨ ਜਿਸ ਰਾਹੀਂ ਇਹ ਧਮਕੀ ਭੇਜੀ ਗਈ ਸੀ। ਦੱਸਣਯੋਗ ਹੈ ਕਿ 15 ਦਸੰਬਰ ਨੂੰ ਜਲੰਧਰ ਦੇ 11 ਸਕੂਲਾਂ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਵੀ ਅਜਿਹੀਆਂ ਫਰਜ਼ੀ ਧਮਕੀਆਂ ਮਿਲੀਆਂ ਸਨ।
