ਨਵੀਂ ਦਿੱਲੀ- ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਵਿਸ਼ਵ ਹਿੰਦੂ ਪਰਿਸ਼ਦ (VHP) ਅਤੇ ਬਜਰੰਗ ਦਲ ਦੇ ਸੈਂਕੜੇ ਸਮਰਥਕਾਂ ਨੇ ਬੰਗਲਾਦੇਸ਼ ਵਿੱਚ ਇੱਕ ਹਿੰਦੂ ਨੌਜਵਾਨ ਦੀ ਹੱਤਿਆ (ਲਿੰਚਿੰਗ) ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ। ਹੱਥਾਂ ਵਿੱਚ ਕੇਸਰੀ ਝੰਡੇ ਅਤੇ ਬੈਨਰ ਫੜੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਪੁਲੀਸ ਨਾਲ ਹੱਥੋਪਾਈ ਹੋਏ। ਦੂਤਾਵਾਸ ਦੀ ਸੁਰੱਖਿਆ ਲਈ ਤਾਇਨਾਤ 15,000 ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਾਈ ਕਮਿਸ਼ਨ ਤੋਂ ਲਗਭਗ 800 ਮੀਟਰ ਦੂਰ ਰੋਕਣ ਲਈ ਡੀ.ਟੀ.ਸੀ. ਬੱਸਾਂ ਅਤੇ ਤਿੰਨ ਪਰਤਾਂ ਵਾਲੀ ਬੈਰੀਕੇਡਿੰਗ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ‘ਹਿੰਦੂ ਖੂਨ ਦੀ ਹਰ ਬੂੰਦ ਦਾ ਹਿਸਾਬ’ ਮੰਗਣ ਵਾਲੀਆਂ ਤਖ਼ਤੀਆਂ ਲਹਿਰਾਈਆਂ।
ਇਹ ਰੋਸ ਪ੍ਰਦਰਸ਼ਨ 18 ਦਸੰਬਰ ਨੂੰ ਬੰਗਲਾਦੇਸ਼ ਦੇ ਮੈਮਨਸਿੰਘ ਵਿੱਚ 25 ਸਾਲਾ ਗਾਰਮੈਂਟ ਫੈਕਟਰੀ ਵਰਕਰ ਦੀਪੂ ਚੰਦਰ ਦਾਸ ਦੀ ਬੇਅਦਬੀ ਦੇ ਦੋਸ਼ ਹੇਠ ਭੀੜ ਵੱਲੋਂ ਕੀਤੀ ਗਈ ਬੇਰਹਿਮ ਹੱਤਿਆ ਦੇ ਵਿਰੋਧ ਵਿੱਚ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਭੀੜ ਨੇ ਦਾਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਦਰੱਖਤ ਨਾਲ ਲਟਕਾ ਦਿੱਤਾ ਸੀ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਸੀ। ਪ੍ਰਦਰਸ਼ਨਕਾਰੀਆਂ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਅਤੇ ਬੰਗਲਾਦੇਸ਼ ਸਰਕਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਦਬਾਅ ਪਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਹਰ ਦੇਸ਼ ਵਿੱਚ ਹਿੰਦੂਆਂ ਨਾਲ ਸਨਮਾਨਜਨਕ ਵਿਵਹਾਰ ਹੋਣਾ ਚਾਹੀਦਾ ਹੈ ਅਤੇ ਇਸ ਘਿਨਾਉਣੇ ਕਾਰੇ ਪਿੱਛੇ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਆਪਣਾ ਰੋਸ ਪ੍ਰਗਟਾਇਆ। ਇੱਕ ਤਖ਼ਤੀ ’ਤੇ ਲਿਖਿਆ ਸੀ, “ ਹਿੰਦੂ ਰਕਤ ਕੀ ਏਕ-ਏਕ ਬੂੰਦ ਕਾ ਹਿਸਾਬ ਚਾਹੀਏ’ |
