ਪਟਿਆਲਾ- ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲੀਸ ਨੇ ਅੱਜ ਇਥੇ ਵੱਖ ਵੱਖ ਪਿੰਡਾਂ ‘ਚ ਫਲੈਗ ਮਾਰਚ ਕੀਤਾ ਜਿਸ ਦੌਰਾਨ ਅਮਲ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ। ਇਸ ਦੌਰਾਨ ਪੁਲੀਸ ਇਥੇ ਸਰਹਿੰਦ ਰੋਡ ਵਿਖੇ ਸਥਿਤ ਪਿੰਡ ਬਾਰਨ ਵਿਖੇ ਐਸ.ਪੀ.ਹੈਡਕੁਆਰਟਰ ਵੈਭਵ ਚੌਧਰੀ ਤੇ ਐਸ.ਪੀ ਸਿਟੀ ਪਲਵਿੰਦਰ ਚੀਮਾ ਦੀ ਅਗਵਾਈ ਹੇਠ ਪੁਲੀਸ ਫੋਰਸ ਨੇ ਚੋਣਾਂ ਵਾਲੇ ਕਈ ਪਿੰਡਾਂ ਅੰਦਰ ਫਲੈਗ ਮਾਰਚ ਕੀਤਾ।
ਇਸ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਡੀ.ਆਈ.ਜੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਵੋਟਰਾਂ ’ਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਉਹ ਬਿਨਾਂ ਕਿਸੇ ਡਰ ਤੋਂ ਵੋਟਾਂ ਪਾਉਣ। ਇਸ ਮੌਕੇ ਡੀ.ਐਸ.ਪੀ ਸਤਨਾਮ ਸੰਘਾ ਤੇ ਜੰਗਜੀਤ ਰੰਧਾਵਾ ਸਮੇਤ ਥਾਣਾ ਮੁਖੀ ਗੁਰਨਾਮ ਘੁੰਮਣ, ਸੁਖਵਿੰਦਰ ਗਿੱਲ ਆਦਿ ਵੀ ਮੌਜੂਦ ਸਨ।
