ਨਵੀਂ ਦਿੱਲੀ- ਚੋਣਾਂ ਦੌਰਾਨ ਹੁਣ ਈ ਵੀ ਐੱਮ ਵਿੱਚ ਪਹਿਲੀ ਵਾਰ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ ਲੱਗੀਆਂ ਹੋਣਗੀਆਂ ਅਤੇ ਉਨ੍ਹਾਂ ਦੇ ਸੀਰੀਅਲ ਨੰਬਰ ਵੀ ਵੱਧ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਦੀ ਸ਼ੁਰੂਆਤ ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੀਤੀ ਜਾਵੇਗੀ। ਭਾਰਤੀ ਚੋਣ ਕਮਿਸ਼ਨ Election Commission of India (ECI) ਅਨੁਸਾਰ, ਈ ਵੀ ਐੱਮ ਬੈਲਟ ਪੇਪਰ ’ਤੇ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ ਛਪੀਆਂ ਹੋਣਗੀਆਂ ਅਤੇ ਬਿਹਤਰ ਢੰਗ ਨਾਲ ਦਿਖਾਉਣ ਲਈ ਉਮੀਦਵਾਰ ਦਾ ਚਿਹਰਾ ਤਸਵੀਰ ਦੇ ਤਿੰਨ-ਚੌਥਾਈ ਹਿੱਸੇ ਵਿੱਚ ਹੋਵੇਗਾ।
ਇਸ ਤੋਂ ਇਲਾਵਾ ਉਮੀਦਵਾਰਾਂ/ਨੋਟਾ (NOTA) ਦੇ ਸੀਰੀਅਲ ਨੰਬਰ ਭਾਰਤੀ ਅੰਕਾਂ ਦੇ ਕੌਮਾਂਤਰੀ ਰੂਪ ਵਿੱਚ ਛਪੇ ਹੋਣਗੇ। ਚੋਣ ਕਮਿਸ਼ਨ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅੱਖਰਾਂ ਦੇ ਫੌਂਟ ਦਾ ਆਕਾਰ (font size) 30 ਹੋਵੇਗਾ ਅਤੇ ਸਪੱਸ਼ਟਤਾ ਲਈ ਬੋਲਡ ਕੀਤਾ ਹੋਵੇਗਾ। ਇਕਸਾਰਤਾ ਯਕੀਨੀ ਬਣਾਉਣ ਲਈ ਸਾਰੇ ਉਮੀਦਵਾਰਾਂ/ਨੋਟਾ (NOTA) ਦੇ ਨਾਮ ਇੱਕੋ ਕਿਸਮ ਦੇ ਫੌਂਟ (font type) ਅਤੇ ਆਸਾਨੀ ਨਾਲ ਪੜ੍ਹਨਯੋਗ ਬਣਾਉਣ ਲਈ ਕਾਫ਼ੀ ਵੱਡੇ ਫੌਂਟ ਆਕਾਰ (font size) ਵਿੱਚ ਛਪੇ ਹੋਣਗੇ।
ਈ ਵੀ ਐੱਮ ਬੈਲਟ ਪੇਪਰ 70 ਜੀ ਐੱਸ ਐੱਮ ਕਾਗਜ਼ ’ਤੇ ਛਪੇ ਹੋਣਗੇ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਵਿਧਾਨ ਸਭਾ ਚੋਣਾਂ ਲਈ ਨਿਰਧਾਰਤ RGB ਮੁੱਲਾਂ ਵਾਲੇ ਗੁਲਾਬੀ ਰੰਗ ਦੇ ਕਾਗਜ਼ ਦੀ ਵਰਤੋਂ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਅਗਾਮੀ ਚੋਣਾਂ ਵਿੱਚ ਅਪਗਰੇਡ EVM ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ।
