December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਸੁਪਰੀਮ ਕੋਰਟ ਵੱਲੋਂ ਅਦਾਕਾਰ ਤੇ ਸਿਆਸਤਦਾਨ ਕੰਗਨਾ ਰਣੌਤ ਨੂੰ ਝਟਕਾ

ਸੁਪਰੀਮ ਕੋਰਟ ਵੱਲੋਂ ਅਦਾਕਾਰ ਤੇ ਸਿਆਸਤਦਾਨ ਕੰਗਨਾ ਰਣੌਤ ਨੂੰ ਝਟਕਾ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀ ਮਾਣਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜੋ ਸੰਸਦ ਮੈਂਬਰ ਕੰਗਨਾ ਲਈ ਵੱਡਾ ਝਟਕਾ ਹੈ। ਕੰਗਨਾ ਰਣੌਤ ਨੇ ਲੰਘੇ ਕੱਲ੍ਹ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਬਠਿੰਡਾ ਦੀ ਅਦਾਲਤ ਵਿਚ ਦਾਇਰ ਅਪਰਾਧਿਕ ਸ਼ਿਕਾਇਤ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਕੰਗਨਾ ਨੇ ਸਿਰਫ਼ ਰੀਟਵੀਟ ਹੀ ਨਹੀਂ ਕੀਤਾ ਬਲਕਿ ਉਸ ’ਚ ਮਸਲਾ ਵੀ ਪਾਇਆ। ਬੈਂਚ ਨੇ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕੰਗਨਾ ਰਣੌਤ ਦੀ ਪਟੀਸ਼ਨ ਰੱਦ ਹੋਣ ਨਾਲ ਹੁਣ ਬਠਿੰਡਾ ਦੇ ਜੁਡੀਸ਼ਲ ਮੈਜਿਸਟਰੇਟ (ਫ਼ਸਟ ਕਲਾਸ) ਦੀ ਅਦਾਲਤ ਵਿੱਚ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਦੇ ਕੇਸ ਦੀ ਸੁਣਵਾਈ ਲਈ ਰਾਹ ਪੱਧਰਾ ਹੋ ਗਿਆ ਹੈ। ਕੰਗਨਾ ਰਣੌਤ ਕੋਲ ਹੁਣ ਕੋਈ ਆਖ਼ਰੀ ਸਹਾਰਾ ਨਹੀਂ ਬਚਿਆ ਹੈ। ਇਸ ਤੋਂ ਪਹਿਲਾਂ ਕੰਗਨਾ ਰਣੌਤ ਦੀ ਪਟੀਸ਼ਨ ਪਹਿਲੀ ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ। ਉਸ ਮਗਰੋਂ ਕੰਗਨਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

ਹੁਣ ਬਠਿੰਡਾ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਚੇਤੇ ਰਹੇ ਕਿ ਜਦੋਂ ਕੇਂਦਰ ਸਰਕਾਰ ਖ਼ਿਲਾਫ਼ ਸਾਲ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵਕਤ ਕਿਸਾਨ ਅੰਦੋਲਨ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ ਵੀ ਸ਼ਾਮਲ ਹੋਈ ਸੀ। ਉਸ ਸਮੇਂ ਨਵੰਬਰ 2020 ’ਚ ਕੰਗਨਾ ਰਣੌਤ ਨੇ ਟਵੀਟ ਕਰਕੇ ਬਿਰਧ ਮਹਿੰਦਰ ਕੌਰ ਨੂੰ ਕਿਸਾਨ ਘੋਲ ’ਚ 100 ਰੁਪਿਆ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਦੱਸਿਆ ਸੀ। ਕੰਗਨਾ ਨੇ ਇਸ ਬਿਰਧ ਦੀ ਫ਼ੋਟੋ ਵੀ ਕੰਗਨਾ ਨੇ ਸਾਂਝੀ ਕੀਤੀ ਸੀ। ਕੰਗਨਾ ਦੇ ਇਨ੍ਹਾਂ ਤਲਖ਼ ਬੋਲਾਂ ਨੇ ਮਹਿੰਦਰ ਕੌਰ ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ ਸੀ ।

ਵੇਰਵਿਆਂ ਅਨੁਸਾਰ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਕੰਗਨਾ ਰਣੌਤ ਖ਼ਿਲਾਫ਼ ਇਸ ਮਾਣਹਾਨੀ ਨੂੰ ਲੈ ਕੇ ਧਾਰਾ 499 ਅਤੇ 500 ਆਈਪੀਸੀ ਦੇ ਤਹਿਤ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਸੀ। ਕੰਗਨਾ ਰਣੌਤ ਨੇ ਇਸ ਸ਼ਿਕਾਇਤ ਨੂੰ ਰੱਦ ਕਰਨ ਅਤੇ ਸੰਮਨਾਂ ਸਮੇਤ ਬਾਕੀ ਗਤੀਵਿਧੀ ਰੋਕਣ ਵਾਸਤੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਕੰਗਨਾ ਨੇ ਮਹਿੰਦਰ ਕੌਰ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ ਤਾਂ ਉਸ ਵਕਤ ਕੌਮਾਂਤਰੀ ਪੱਧਰ ਤੇ ਵੀ ਮਾਮਲਾ ਸੁਰਖ਼ੀਆਂ ਵਿੱਚ ਆਇਆ ਸੀ। ਦਲਜੀਤ ਦੁਸਾਂਝ ਨੇ ਵੀ ਕੰਗਨਾ ਰਣੌਤ ਦੀ ਸੋਸ਼ਲ ਮੀਡੀਆ ’ਤੇ ਝਾੜ ਝੰਬ ਕੀਤੀ ਸੀ।

Related posts

ਜਬਲਪੁਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਾਂਚ ਉਪਰੰਤ ਝੂਠੀ ਸਾਬਤ ਹੋਈ

Current Updates

ਚੰਡੀਗੜ੍ਹ ’ਚ ਸ਼ਰਾਬ ਹੋਈ ਸਸਤੀ, ਠੇਕਿਆਂ ’ਤੇ ਲੱਗੀ ਭੀੜ

Current Updates

ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਸੈਂਕੜੇ ਪਿੰਡਾਂ ਦੇ ਲੋਕ ਘਰੋਂ ਬੇਘਰ

Current Updates

Leave a Comment