August 20, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅਸ਼ਵਿੰਦਰ ਕੌਰ ਦੀ ਪੁਸਤਕ “ਸਿੰਘਾਸਨ ਬੱਤੀਸੀ” ਲੋਕ ਅਰਪਣ-ਪੰਜਾਬੀ ਵਿਕੀਮੀਡੀਅਨਜ਼ ਸਮੂਹ ਨੇ ਕਰਵਾਇਆ ਸਮਾਗਮ

ਅਸ਼ਵਿੰਦਰ ਕੌਰ ਦੀ ਪੁਸਤਕ “ਸਿੰਘਾਸਨ ਬੱਤੀਸੀ” ਲੋਕ ਅਰਪਣ-ਪੰਜਾਬੀ ਵਿਕੀਮੀਡੀਅਨਜ਼ ਸਮੂਹ ਨੇ ਕਰਵਾਇਆ ਸਮਾਗਮ

ਪਟਿਆਲਾ- ਲੇਖਿਕਾ ਅਸ਼ਵਿੰਦਰ ਕੌਰ ਵੱਲੋਂ ਸਰਲ ਪੰਜਾਬੀ ਵਿੱਚ ਰੂਪਾਂਤਰਿਤ ਰਾਜਾ ਵਿਕਰਮਾਦਦਿੱਤਿਆ ਦੇ ਜੀਵਨ ਤੇ ਕਾਰਨਾਮਿਆਂ ਨਾਲ਼ ਜੁੜੀਆਂ 32 ਲੋਕ ਕਥਾਵਾਂ ਦੀ ਪੁਸਤਕ ‘ਸਿੰਘਾਸਨ ਬੱਤੀਸੀ’ ਨੂੰ ਲੋਕ ਅਰਪਣ ਕੀਤਾ ਗਿਆ। ਪੰਜਾਬੀ ਵਿਕੀਮੀਡੀਅਨਜ਼ ਸਮੂਹ ਵੱਲੋਂ ਹਾਈਕੂ ਹੱਟ ਧੌਲਾ ਵਿਖੇ ਕਰਵਾਏ ਇਸ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਡਾ. ਸੁਰਜੀਤ ਪਾਤਰ ਚੇਅਰ ਦੀ ਮੁੱਖੀ ਅਤੇ ਪ੍ਰਸਿੱਧ ਸਾਹਿਤਕਾਰਾ ਡਾ. ਜਗਦੀਸ਼ ਕੌਰ ਨੇ ਕੀਤੀ, ਜਦ ਕਿ ਉੱਘੇ ਲੇਖਕ ਅਤੇ ਅਨੁਵਾਦਕ ਚਰਨ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਕੀਮੀਡੀਅਨਜ਼ ਸਮੂਹ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਪੰਜਾਬੀ ਵਿਕੀਮੀਡੀਅਨਜ਼ ਨਿਤੇਸ਼ ਅਤੇ ਸਤਦੀਪ ਗਿੱਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਵਾਨਾਂ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੁਸਤਕ ਦੀ ਰਚਨਾਕਾਰ ਅਸ਼ਵਿੰਦਰ ਕੌਰ ਨੇ ਦੱਸਿਆ ਕਿ ਇਹ ਪੁਸਤਕ ਲਾਲਾ ਜਮੀਅਤ ਰਾਏ ਸੁਨਾਮੀ ਵੱਲੋਂ 1837 ਵਿੱਚ ਲਿਖੀ ਹੱਥ-ਲਿਖਤ ਦਾ ਸਰਲ ਪੰਜਾਬੀ ਰੂਪਾਂਤਰਨ ਹੈ। ਮੱਧਕਾਲੀ ਪੰਜਾਬੀ ਸਾਹਿਤ ਵਿੱਚ ਮੌਜੂਦ ‘ਸਿੰਘਾਸਨ ਬੱਤੀਸੀ’ ਦੀਆਂ ਕਥਾਵਾਂ ਦੀਆਂ ਹੱਥ-ਲਿਖਤਾਂ ਦੀ ਭਾਸ਼ਾ ਆਮ ਸਮਝ ਵਿੱਚ ਆਉਣ ਵਾਲੀ ਨਹੀਂ ਹੈ, ਇਸ ਲਈ ਉਨ੍ਹਾਂ ਨੇ ਅਜੋਕੀ ਸਰਲ ਪੰਜਾਬੀ ਵਿੱਚ ਇਨ੍ਹਾਂ ਕਹਾਣੀਆਂ ਨੂੰ ਮੁੜ ਸੁਰਜੀਤ ਕਰਨ ਦੇ ਸੰਕਲਪ ਨਾਲ਼ ਇਹ ਪੁਸਤਕ ਰੂਪਾਂਤਰਿਤ ਕੀਤੀ। ਡਾ. ਜਗਦੀਸ਼ ਕੌਰ ਨੇ ਕਿਹਾ ਕਿ ਇਸ ਕਾਰਜ ਨਾਲ ਅ਼ਸ਼ਵਿੰਦਰ ਕੌਰ ਨੇ ਪੁਖ਼ਤਾ, ਪ੍ਰਾਚੀਨ ਅਤੇ ਅਲੋਪ ਹੋਣ ਕੰਢੇ ਖੜ੍ਹੇ ਸਾਹਿਤ ਨੂੰ ਪੁਨਰਜੀਵਿਤ ਕਰ ਕੇ ਹੋਂਦ ਵਿੱਚ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਪੰਜਾਬੀ ਸਾਹਿਤ ਅਤੇ ਲੋਕਧਾਰਾ ਦੀ ਅਮੀਰੀ ਦੇ ਦਰਸ਼ਨ ਕਰਵਾਉਂਦੀ ਹੈ। ਚਰਨ ਗਿੱਲ ਨੇ ਕਿਹਾ ਕਿ ਭਾਵੇਂ ਪਹਿਲੀ ਨਜ਼ਰੇ ਇਹ ਕਹਾਣੀਆਂ ਮਿਥਕ, ਪਰਾਭੌਤਿਕ ਅਤੇ ਕੁੱਝ ਕਾਲਪਨਿਕ ਲੱਗਦੀਆਂ ਹਨ, ਪਰ ਅੰਤਰ ਮਨ ਵਿੱਚ ਗਹਿਰੇ ਪ੍ਰਭਾਵ ਵੀ ਛੱਡਦੀਆਂ ਹਨ। ਇਸ ਪੁਸਤਕ ਰਾਹੀਂ ਇਨ੍ਹਾਂ ਕਹਾਣੀਆਂ ਅੰਦਰਲੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਉੱਚੇ ਆਦਰਸ਼ ਫਿਰ ਤੋਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਵਿਚ ਸੁਤੇ ਸਿੱਧ ਜਜ਼ਬ ਹੋਣਗੇ। ਨਿਤੇਸ਼, ਸਤਦੀਪ ਗਿੱਲ, ਪੰਜਾਬੀ ਵਿਕੀਮੀਡੀਅਨਜ਼ ਸਮੂਹ ਦੇ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਅਤੇ ਅਮਨ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਰੋਹ ਵਿੱਚ ਲਾਇਬ੍ਰੇਰੀਅਨ ਡਾ. ਲੱਜੂ ਸ਼ਰਮਾ, ਵਿਕੀਮੀਡੀਅਨ ਗੁਰਮੇਲ ਕੌਰ, ਗੁਰਤੇਜ ਚੌਹਾਨ, ਸੋਨੀਆ ਅਟਵਾਲ, ਪ੍ਰੋ. ਪ੍ਰਭਜੋਤ ਕੌਰ ਗਿੱਲ, ਤਮਨਪ੍ਰੀਤ ਕੌਰ, ਸੋਨੀਆ ਝੱਮਟ, ਤੁਲਸਪਾਲ ਕੌਰ, ਸਹਿਜਪ੍ਰੀਤ ਕੌਰ, ਤਰਨਪ੍ਰੀਤ ਗੋਸਵਾਮੀ, ਹਰਮਨਜੀਤ ਸਿੰਘ, ਗਗਨਦੀਪ ਕੌਰ ਅਤੇ ਹੋਰ ਸਾਹਿਤ ਤੇ ਭਾਸ਼ਾ ਪ੍ਰੇਮੀਆਂ ਨੇ ਹਿੱਸਾ ਲਿਆ।

Related posts

ਬਟਾਲਾ ਵਿੱਚ ਸੜਕੀ ਵਿਵਾਦ ਬਾਅਦ ਦੋ ਧਿਰਾਂ ਦਰਮਿਆਨ ਗੋਲੀਬਾਰੀ; ਇੱਕ ਦੀ ਮੌਤ, ਦੋ ਜ਼ਖ਼ਮੀ

Current Updates

ਅਮਰੀਕਾ: ਸੜਕ ਹਾਦਸੇ ’ਚ ਹਰਮਨਜੀਤ ਸਿੰਘ ਹਲਾਕ

Current Updates

ਸੋਨੇ ਦੀ ਤਸਕਰੀ ਦਾ ਵੱਡਾ ਖੁਲਾਸਾ! ਕੁਆਲਾਲੰਪੁਰ ਫਲਾਈਟ ਫੜਨ ਦੀ ਤਿਆਰੀ ‘ਚ ਸੀ ਯਾਤਰੀ, ਢਾਈ ਕਰੋੜ ਦੇ ਸੋਨੇ ਸਮੇਤ ਗ੍ਰਿਫ਼ਤਾਰ

Current Updates

Leave a Comment