ਵਾਸ਼ਿੰਗਟਨ- ਇਹ ਕਹਾਣੀ ਸ਼ਾਇਦ ਜਾਣੀ-ਪਛਾਣੀ ਲੱਗ ਸਕਦੀ ਹੈ: ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸ਼ਕਤੀਸ਼ਾਲੀ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਕਾਰਨ ਅਸਤੀਫ਼ਾ ਦੇਣਾ ਪੈਂਦਾ ਹੈ। ਇਸ ਕਦਮ ਨਾਲ ਕੰਪਨੀ ਦੇ ਸ਼ੇਅਰਾਂ ਵਿੱਚ 10 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਉਂਦੀ ਹੈ ਅਤੇ ਬਾਜ਼ਾਰ ਮੁੱਲ ਵਿੱਚ ਅਰਬਾਂ ਡਾਲਰਾਂ ਦਾ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਕੰਪਨੀ ਦੇ ਡਾਇਰੈਕਟਰ ਬੋਰਡ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉੱਠਦੇ ਹਨ ਕਿ ਕੀ ਸੰਕਟ ਤੋਂ ਪਹਿਲਾਂ ਬੋਰਡ ਨੇ ਸਹੀ ਫ਼ੈਸਲੇ ਲਏ ਸਨ। ਇਹ ਹਾਲਾਤ ‘ਐੱਨਵੀਡੀਆ’ (Nvidia) ਦੇ ਸੀ.ਈ.ਓ. ਜੇਨਸਨ ਹੁਆਂਗ ਦੀ ਬਰਖ਼ਾਸਤਗੀ ਮਗਰੋਂ ਪੈਦਾ ਹੋਈ ਉਥਲ-ਪੁਥਲ ਵਰਗੇ ਜਾਪਦੇ ਹਨ, ਪਰ ਅਜਿਹਾ ਹੀ ਘਟਨਾਕ੍ਰਮ 15 ਸਾਲ ਪਹਿਲਾਂ ‘ਹਿਊਲੇਟ ਪੈਕਰਡ’ (HP) ਵਿੱਚ ਤਤਕਾਲੀ ਸੀ.ਈ.ਓ. ਮਾਰਕ ਹਰਡ ਵੇਲੇ ਵੀ ਵਾਪਰਿਆ ਸੀ।
ਜੇਨਸਨ ਹੁਆਂਗ ਨਿੱਜੀ ਦੁਰਵਿਹਾਰ ਕਾਰਨ ਨੌਕਰੀ ਗੁਆਉਣ ਵਾਲੇ ਸੀ.ਈ.ਓਜ਼ ਦੀ ਲੰਬੀ ਸੂਚੀ ਵਿੱਚ ਤਾਜ਼ਾ ਨਾਮ ਹਨ। ਐੱਚ.ਪੀ. ਵਾਂਗ ਹੀ ਹੁਣ ਸਾਰਾ ਧਿਆਨ ਹੁਆਂਗ ਦੇ ਵਿਵਹਾਰ ਤੋਂ ਹਟ ਕੇ ਕੰਪਨੀ ਦੇ ਬੋਰਡ ਅਤੇ ਉਨ੍ਹਾਂ ਫ਼ੈਸਲਿਆਂ ਵੱਲ ਮੁੜ ਰਿਹਾ ਹੈ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਓਪਨ-ਏ.ਆਈ. (OpenAI) ਦੇ ਪੀਟਰ ਸਟੀਨਬਰਗਰ, ਐਂਡੂਰਿਲ ਇੰਡਸਟਰੀਜ਼ ਦੇ ਪਾਮਰ ਲੱਕੀ, ਐਲੋਨ ਮਸਕ, ਰੈਪਲਿਟ ਦੇ ਅਮਜਦ ਮਸਦ, ਐਪਿਕ ਗੇਮਜ਼ ਦੇ ਟਿਮ ਸਵੀਨੀ ਅਤੇ ਵਾਈ-ਕੰਬੀਨੇਟਰ ਦੇ ਗੈਰੀ ਟੈਨ ਸਮੇਤ ਕਈ ਪ੍ਰਮੁੱਖ ਉਦਯੋਗਪਤੀ ਬੋਰਡ ਦੇ ਇਸ ਫ਼ੈਸਲੇ ’ਤੇ ਸਵਾਲ ਚੁੱਕ ਰਹੇ ਹਨ। ਇਸੇ ਦੌਰਾਨ ਐੱਨਵੀਡੀਆ ਦੇ 1,600 ਤੋਂ ਵੱਧ ਮੁਲਾਜ਼ਮਾਂ ਵੱਲੋਂ ਦਸਤਖ਼ਤ ਕੀਤੀ ਗਈ ਇੱਕ ਅੰਦਰੂਨੀ ਪਟੀਸ਼ਨ ਰਾਹੀਂ ਜੇਨਸਨ ਹੁਆਂਗ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਮੀਡੀਆ ਅਤੇ ਜਨਤਾ ਦੀ ਵਧਦੀ ਨਿਗਰਾਨੀ ਕਾਰਨ ਹੁਣ ਬੋਰਡ ਅਜਿਹੇ ਮਾਮਲਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਏ ਹਨ। ਖੋਜ ਦਰਸਾਉਂਦੀ ਹੈ ਕਿ ਜਿਨ੍ਹਾਂ ਕੰਪਨੀਆਂ ਦੇ ਸੀ.ਈ.ਓ. ਦੁਰਵਿਹਾਰ ਵਿੱਚ ਸ਼ਾਮਲ ਹੁੰਦੇ ਹਨ, ਉੱਥੋਂ ਦੇ ਡਾਇਰੈਕਟਰਾਂ ਨੂੰ ਵੀ ਆਪਣੀ ਸਾਖ਼ ਅਤੇ ਅਹੁਦੇ ਗੁਆਉਣੇ ਪੈਂਦੇ ਹਨ। ਇਸ ਦੀ ਇੱਕ ਵੱਡੀ ਮਿਸਾਲ ‘ਬੈਸਟ ਬਾਏ’ (Best Buy) ਦੇ ਸੰਸਥਾਪਕ ਰਿਚਰਡ ਸ਼ੁਲਜ਼ ਹਨ, ਜਿਨ੍ਹਾਂ ਨੂੰ 2012 ਵਿੱਚ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਕਿਉਂਕਿ ਉਨ੍ਹਾਂ ਨੇ ਸਾਬਕਾ ਸੀ.ਈ.ਓ. ਬ੍ਰਾਇਨ ਡਨ ਦੇ ਇੱਕ ਮਹਿਲਾ ਮੁਲਾਜ਼ਮ ਨਾਲ ਨਾਜਾਇਜ਼ ਸਬੰਧਾਂ ਬਾਰੇ ਜਾਣਦੇ ਹੋਏ ਵੀ ਰਿਪੋਰਟ ਨਹੀਂ ਕੀਤੀ ਸੀ। ਐੱਨਵੀਡੀਆ ਦੇ ਮਾਮਲੇ ਵਿੱਚ ਵੀ ਹੁਣ ਬੋਰਡ ਦੀ ਨਿਗਰਾਨੀ, ਉੱਤਰਾਧਿਕਾਰੀ ਯੋਜਨਾ ਦੀ ਘਾਟ ਅਤੇ ਸੰਭਾਵੀ ਕੌਮੀ ਸੁਰੱਖਿਆ ਜੋਖ਼ਮਾਂ ਬਾਰੇ ਸਵਾਲ ਪੁੱਛੇ ਜਾ ਰਹੇ ਹਨ।
ਇਸ ਤੋਂ ਇਲਾਵਾ ‘ਨੈਤਿਕ ਜੋਖ਼ਮ’ (Moral Hazard) ਦਾ ਮੁੱਦਾ ਵੀ ਅਹਿਮ ਹੈ। ਜਦੋਂ ਬੋਰਡ ਗ਼ਲਤੀ ਕਰਨ ਵਾਲੇ ਸੀ.ਈ.ਓ. ਨੂੰ ਬਖ਼ਸ਼ ਦਿੰਦਾ ਹੈ, ਤਾਂ ਉਸ ਦੀ ਹਿੰਮਤ ਹੋਰ ਵਧ ਜਾਂਦੀ ਹੈ ਅਤੇ ਦੂਜੀ ਗ਼ਲਤੀ ਪਹਿਲੀ ਨਾਲੋਂ ਵੀ ਵੱਡੀ ਹੁੰਦੀ ਹੈ। ਅਮਰੀਕਨ ਏਅਰਲਾਈਨਜ਼ ਦੇ ਸਾਬਕਾ ਸੀ.ਈ.ਓ. ਡੱਗ ਪਾਰਕਰ (ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋ ਮਾਮਲੇ) ਅਤੇ ਰੱਖਿਆ ਕੰਪਨੀ ਐੱਲ-3 ਹੈਰਿਸ ਟੈਕਨਾਲੋਜੀਜ਼ ਦੇ ਕ੍ਰਿਸਟੋਫਰ ਕੁਬਾਸਿਕ (ਜਿਨ੍ਹਾਂ ਨੂੰ ਪਹਿਲਾਂ ਲੌਕਹੀਡ ਮਾਰਟਿਨ ’ਚੋਂ ਵੀ ਅਜਿਹੇ ਹੀ ਦੋਸ਼ਾਂ ਹੇਠ ਕੱਢਿਆ ਗਿਆ ਸੀ) ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ। ਐੱਨਵੀਡੀਆ ਦੇ ਮਾਮਲੇ ਵਿੱਚ ਜੇਨਸਨ ਹੁਆਂਗ ਨੇ ਕਥਿਤ ਤੌਰ ’ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਆਪਣੇ ਨਿੱਜੀ ਸਬੰਧਾਂ ਬਾਰੇ ਕੰਪਨੀ ਅਧਿਕਾਰੀਆਂ ਨਾਲ ਝੂਠ ਬੋਲਿਆ। ਬੋਰਡ ਦੇ ਨਜ਼ਰੀਏ ਤੋਂ ਜੇਕਰ ਉਹ ਇਸ ਬਾਰੇ ਝੂਠ ਬੋਲ ਸਕਦੇ ਹਨ, ਤਾਂ ਭਵਿੱਖ ਵਿੱਚ ਕਿਸ ਗੱਲ ’ਤੇ ਭਰੋਸਾ ਕੀਤਾ ਜਾ ਸਕਦਾ ਹੈ?
ਕੰਪਨੀ ਦੇ ਅੰਦਰੂਨੀ ਸੱਭਿਆਚਾਰ ’ਤੇ ਸਵਾਲ- ਸੀ.ਈ.ਓ. ਦਾ ਨਿੱਜੀ ਦੁਰਵਿਹਾਰ ਅਕਸਰ ਕੰਪਨੀ ਦੇ ਅੰਦਰੂਨੀ ਸੱਭਿਆਚਾਰ ਵਿੱਚ ਵੱਡੀ ਗਿਰਾਵਟ ਅਤੇ ਹੋਰ ਕਾਰਪੋਰੇਟ ਬੇਨਿਯਮੀਆਂ ਦਾ ਸੰਕੇਤ ਹੁੰਦਾ ਹੈ। ਉਦਾਹਰਣ ਵਜੋਂ ‘ਅਮਰੀਕਨ ਅਪੈਰਲ’ ਦੇ ਸੀ.ਈ.ਓ. ਡੋਵ ਚਾਰਨੀ ਦੇ ਕਾਰਜਕਾਲ ਦੌਰਾਨ ਜਿਨਸੀ ਸ਼ੋਸ਼ਣ ਤੇ ਦੁਰਵਿਵਹਾਰ ਦੇ ਦੋਸ਼ਾਂ ਦੇ ਨਾਲ-ਨਾਲ ਕੰਪਨੀ ਵਿੱਚ ਵੱਡੇ ਵਿੱਤੀ ਘਪਲੇ ਵੀ ਸਾਹਮਣੇ ਆਏ ਸਨ। ਇਸੇ ਤਰ੍ਹਾਂ ਹੁਣ ਐੱਨਵੀਡੀਆ ਦੇ ਸੰਗਠਨਾਤਮਕ ਸੱਭਿਆਚਾਰ, ਵਿੱਤੀ ਲੈਣ-ਦੇਣ ਅਤੇ ਚੀਨ ’ਤੇ ਲੱਗੀਆਂ ਅਮਰੀਕੀ ਚਿੱਪ ਪਾਬੰਦੀਆਂ ਦੀ ਉਲੰਘਣਾ ਕਰਨ ਵਿੱਚ ਉਸ ਦੀ ਸੰਭਾਵੀ ਭੂਮਿਕਾ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਫ਼ਿਲਹਾਲ ਜਨਤਕ ਬਹਿਸ ਇਸ ਗੱਲ ’ਤੇ ਕੇਂਦਰਿਤ ਹੈ ਕਿ ਜੇਨਸਨ ਹੁਆਂਗ ਤੋਂ ਬਿਨਾਂ ਕੰਪਨੀ ਨੂੰ ਕੀ ਨੁਕਸਾਨ ਹੋਵੇਗਾ, ਪਰ ਇਹ ਸਵਾਲ ਵੀ ਓਨਾ ਹੀ ਅਹਿਮ ਹੈ ਕਿ ਅਜਿਹੇ ਸੀ.ਈ.ਓ. ਨੂੰ ਬਰਕਰਾਰ ਰੱਖ ਕੇ ਬੋਰਡ ਕੰਪਨੀ ਦੀ ਭਰੋਸੇਯੋਗਤਾ ਨੂੰ ਕਿੰਨੇ ਵੱਡੇ ਖ਼ਤਰੇ ਵਿੱਚ ਪਾ ਸਕਦਾ ਸੀ। ਮਹਾਨ ਨਿਵੇਸ਼ਕ ਵਾਰਨ ਬਫੇਟ ਨੇ ਬਿਲਕੁਲ ਸਹੀ ਕਿਹਾ ਸੀ ਕਿ ਜਦੋਂ ਯੋਗ ਤੇ ਬੁੱਧੀਮਾਨ ਲੋਕ ਵੀ ਹਕੀਕਤ ਤੋਂ ਮੂੰਹ ਮੋੜ ਕੇ ਗ਼ਲਤ ਰਾਹ ਪੈ ਜਾਂਦੇ ਹਨ, ਤਾਂ ਉਨ੍ਹਾਂ ਨੂੰ ਰੋਕਣਾ ਅਤੇ ਸੰਸਥਾ ਦੀ ਰੱਖਿਆ ਕਰਨਾ ਬੋਰਡ ਦਾ ਹੀ ਮੁੱਢਲਾ ਫ਼ਰਜ਼ ਹੁੰਦਾ ਹੈ।
