ਚੰਡੀਗੜ੍ਹ- ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਵਜ਼ਾਰਤ ਵਿਚ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਕੁਲਦੀਪ ਸਿੰਘ ਧਾਲੀਵਾਲ ਦੀ ਪੰਜਾਬ ਕੈਬਨਿਟ ’ਚੋਂ ਛੁੱਟੀ ਕਰ ਦਿੱਤੀ ਗਈ ਹੈ। ਅਰੋੜਾ ਨੇ ਪੰਜਾਬ ਰਾਜ ਭਵਨ ਵਿਚ ਸੰਖੇਪ ਸਮਾਗਮ ਦੌਰਾਨ ਨਵੇਂ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨੂੰ ਇੰਡਸਟਰੀ ਤੇ ਐੱਨਆਰਆਈ ਮਾਮਲੇ ਵਿਭਾਗ ਦਿੱਤੇ ਗਏ ਹਨ।
ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਜ਼ਾਰਤ ਵਿਚ ਫੇਰਬਦਲ ਤੋਂ ਪਹਿਲਾਂ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੀ ਰਿਹਾਇਸ ’ਤੇ ਸੱਦ ਕੇ ਅਸਤੀਫਾ ਦੇਣ ਲਈ ਕਿਹਾ ਸੀ। ਧਾਲੀਵਾਲ ਨੇ ਮੌਕੇ ’ਤੇ ਹੀ ਆਪਣੇ ਅਹੁਦੇ ਤੋਂ ਲਿਖਤੀ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਧਾਲੀਵਾਲ ਤੋਂ ਖੇਤੀ ਅਤੇ ਪੰਚਾਇਤ ਵਿਭਾਗ ਵੀ ਵਾਪਸ ਲੈ ਲਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਧਾਲੀਵਾਲ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਵਿਚ ਰੱਖੇ ਸੰਖੇਪ ਸਮਾਗਮ ਦੌਰਾਨ ਅਰੋੜਾ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਅਰੋੜਾ ਨੂੰ ਪੰਜਾਬ ਕੈਬਨਿਟ ਵਿਚ ਇੰਡਸਟਰੀ ਤੇ ਐੱਨਆਰਆਈ ਮਾਮਲੇ ਵਿਭਾਗ ਦਿੱਤਾ ਗਿਆ ਹੈ। ਐੱਨਆਰਆਈ ਵਿਭਾਗ ਪਹਿਲਾਂ ਕੁਲਦੀਪ ਧਾਲੀਵਾਲ ਕੋਲ ਸੀ। ਇਸੇ ਤਰ੍ਹਾਂ ਉਦਯੋਗ ਵਿਭਾਗ ਪਹਿਲਾਂ ਤਰੁਣਪ੍ਰੀਤ ਸਿੰਘ ਸੌਂਦ ਕੋਲ ਸੀ, ਜਿਨ੍ਹਾਂ ਕੋਲ ਪੇਂਡੂ ਵਿਕਾਸ, ਕਿਰਤ ਅਤੇ ਸੈਰ-ਸਪਾਟਾ ਵਿਭਾਗਾਂ ਦਾ ਚਾਰਜ ਜਾਰੀ ਰਹੇਗਾ। ਧਾਲੀਵਾਲ ਦੇ ਅਸਤੀਫੇ ਨਾਲ ਭਗਵੰਤ ਮਾਨ ਕੈਬਨਿਟ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 16 ਰਹਿ ਗਈ ਹੈ। ਕੈਬਨਿਟ ਵਿੱਚ ਅਜੇ ਵੀ ਦੋ ਅਹੁਦੇ ਖਾਲੀ ਹਨ।
ਹਲਫ਼ਦਾਰੀ ਸਮਾਗਮ ਛੇ ਮਿੰਟ ਦੇ ਕਰੀਬ ਚੱਲਿਆ। ਪਿਛਲੇ ਹਫ਼ਤੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਹੀ ਉਨ੍ਹਾਂ ਦਾ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਲਗਪਗ ਤੈਅ ਸੀ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ਿਮਨੀ ਚੋਣਾਂ ਵਿੱਚ ਪ੍ਰਚਾਰ ਦੌਰਾਨ ਅਰੋੜਾ ਨੂੰ ਮੰਤਰੀ ਬਨਾਉਣ ਦਾ ਐਲਾਨ ਕੀਤਾ ਸੀ ਜਦੋਂ ਕਿ ਪਿਛਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹ ਅਰੋੜਾ ਨੂੰ ਆਪਣੀ ਕੈਬਨਿਟ ਵਿੱਚ ਲਿਆ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਵਿੱਚ ਸੱਤਵੀਂ ਵਾਰ ਵਿਸਥਾਰ ਕੀਤਾ ਗਿਆ ਹੈ।
ਪੀਲੇ ਰੰਗ ਦਾ ਕੁੜਤਾ ਪਜਾਮਾ ਪਹਿਨ ਕੇ ਆਏ ਸੰਜੀਵ ਅਰੋੜਾ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਹਲਫ਼ਦਾਰੀ ਸਮਾਗਮ ਦੀ ਕਾਰਵਾਈ ਮੁੱਖ ਸਕੱਤਰ, ਪੰਜਾਬ, ਕੇ ਏ ਪੀ ਸਿਨਹਾ ਵੱਲੋਂ ਚਲਾਈ ਗਈ। ਸਮਾਗਮ ਕੌਮੀ ਗੀਤ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਰਾਜਪਾਲ ਨੇ ਨਵੇਂ ਮੰਤਰੀ ਨੂੰ ਸਹੁੰ ਚੁਕਾਈ। ਸਮਾਰੋਹ ਕੌਮੀ ਗੀਤ ਦੀ ਪੇਸ਼ਕਾਰੀ ਨਾਲ ਸਮਾਪਤ ਹੋਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਅਤੇ ਹੋਰ ਬਹੁਤ ਸਾਰੇ ਮੰਤਰੀ ਅਤੇ ਪਤਵੰਤੇ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਸਨ।