ਨਵੀਂ ਦਿੱਲੀ- ਦਲਾਈ ਲਾਮਾ ਦੇ ਉੱਤਰਾਧਿਕਾਰੀ ਯੋਜਨਾਵਾਂ ਤਿੱਬਤੀ ਭਾਈਚਾਰੇ ਲਈ ਇਕ ਵੱਡੀ ਖ਼ਬਰ ਵਿਚ 14ਵੇਂ ਦਲਾਈ ਲਾਮਾ ਤੈਨਜਿਨ ਗਿਆਤਸੋ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ‘ਦਲਾਈ ਲਾਮਾ ਦੀ ਰਵਾਇਤ (ਸੰਸਥਾ) ਜਾਰੀ ਰਹੇਗੀ।’ ਉਨ੍ਹਾਂ ਆਪਣੇ ਉੱਤਰਾਧਿਕਾਰੀ ਭਾਵ ਨਵੇਂ ਦਲਾਈ ਲਾਮਾ ਦੀ ਚੋਣ ਦੇ ਅਮਲ ਵਿਚ ਚੀਨ ਦੀ ਕਿਸੇ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗਡੇਨ ਫੋਡਰਾਂਗ ਟਰੱਸਟ ਕੋਲ ਭਵਿੱਖ ਦੇ ਉੱਤਰਾਧਿਕਾਰੀ ਨੂੰ ਮਾਨਤਾ ਦੇਣ ਦਾ ਇਕਲੌਤਾ ਅਧਿਕਾਰ ਹੈ। ਦਲਾਈ ਲਾਮਾ ਦੇ ਦਫ਼ਤਰ ਵੱਲੋਂ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਕਿ ‘ਕਿਸੇ ਹੋਰ ਕੋਲ ਇਸ ਮਾਮਲੇ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।’ 14ਵੇਂ ਦਲਾਈ ਲਾਮਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੈਂ ਪੁਸ਼ਟੀ ਕਰਦਾ ਹਾਂ ਕਿ ਦਲਾਈ ਲਾਮਾ ਦੀ ਰਵਾਇਤ ਜਾਰੀ ਰਹੇਗੀ। ਦੁਨੀਆ ਭਰ ਦੇ ਵੱਖ-ਵੱਖ ਬੋਧੀ ਸੰਗਠਨਾਂ ਦੀ ਬੇਨਤੀ ਤੋਂ ਬਾਅਦ ਇਸ ਰਵਾਇਤ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।’’
ਦਲਾਈ ਲਾਮਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 14 ਸਾਲਾਂ ਵਿੱਚ (ਸਤੰਬਰ 2011 ਤੋਂ) ਇਸ ਮੁੱਦੇ ’ਤੇ ਕੋਈ ਜਨਤਕ ਚਰਚਾ ਨਹੀਂ ਕੀਤੀ ਹੈ, ਪਰ ਉਨ੍ਹਾਂ ਨੂੰ ਤਿੱਬਤ ਅਤੇ ਦੁਨੀਆ ਭਰ ਦੇ ਤਿੱਬਤੀਆਂ ਤੋਂ ਵੱਖ-ਵੱਖ ਚੈਨਲਾਂ ਰਾਹੀਂ ਸੰਦੇਸ਼ ਮਿਲੇ ਹਨ ਜਿਨ੍ਹਾਂ ਵਿੱਚ ਦਲਾਈ ਲਾਮਾ ਦੀ ਰਵਾਇਤ ਜਾਰੀ ਰੱਖਣ ਦੀ ਮੰਗ ਕੀਤੀ ਗਈ ਹੈ। ਦਲਾਈ ਲਾਮਾ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਦੁਨੀਆ ਭਰ ਦੇ ਬੋਧੀ ਵਿਦਵਾਨ ਅਤੇ ਭਿਕਸ਼ੂ ਅੱਜ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾਂ ਸੰਮੇਲਨ ਲਈ ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿਚ ਇਕੱਠੇ ਹੋਏ ਹਨ।
ਦਲਾਈ ਲਾਮਾ ਦੀ ਰਵਾਇਤ ਜਾਰੀ ਰੱਖਣ ਦੇ ਭਵਿੱਖ ਬਾਰੇ ਫੈਸਲਾ ਉਦੋਂ ਲਿਆ ਜਾਂਦਾ ਹੈ ਜਦੋਂ ਮੌਜੂਦਾ ਦਲਾਈ ਲਾਮਾ 90 ਸਾਲ ਦੀ ਉਮਰ ਦਾ ਹੋ ਜਾਂਦਾ ਹੈ। ਗ੍ਰੇਗੋਰੀਅਨ ਕੈਲੰਡਰ ਅਨੁਸਾਰ 14ਵੇਂ ਦਲਾਈ ਲਾਮਾ 6 ਜੁਲਾਈ ਨੂੰ 90 ਸਾਲ ਦੇ ਹੋ ਰਹੇ ਹਨ, ਹਾਲਾਂਕਿ ਤਿੱਬਤੀ ਕੈਲੰਡਰ ਮੁਤਾਬਕ ਉਹ 30 ਜੂਨ ਨੂੰ 90 ਸਾਲ ਦੇ ਹੋ ਗਏ ਹਨ।
ਦਲਾਈ ਲਾਮਾ ਤੈਨਜਿਨ ਗਿਆਤਸੋ ਨੇ ਹਾਲਾਂਕਿ ਬੀਤੇ ਵਿਚ ਕਿਹਾ ਸੀ, ‘‘ਜਦੋਂ ਮੈਂ ਨੱਬੇ ਦੇ ਕਰੀਬ ਹੋਵਾਂਗਾ ਤਾਂ ਮੈਂ ਤਿੱਬਤੀ ਬੋਧੀ ਰਵਾਇਤਾਂ ਦੇ ਉੱਚ ਲਾਮਿਆਂ, ਤਿੱਬਤੀ ਅਵਾਮ ਅਤੇ ਹੋਰ ਸਬੰਧਤ ਲੋਕਾਂ ਨਾਲ ਸਲਾਹ-ਮਸ਼ਵਰਾ ਕਰਾਂਗਾ ਜੋ ਤਿੱਬਤੀ ਬੁੱਧ ਧਰਮ ਦਾ ਪਾਲਣ ਕਰਦੇ ਹਨ, ਤਾਂ ਜੋ ਇਹ ਮੁੜ ਮੁਲਾਂਕਣ ਕੀਤਾ ਜਾ ਸਕੇ ਕਿ ਦਲਾਈ ਲਾਮਾ ਦੀ ਰਵਾਇਤ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਾਂ ਨਹੀਂ।’’ ਅਗਲੇ ਦਲਾਈ ਲਾਮਾ ਦੀ ਰਵਾਇਤ ਨੂੰ ਜਾਰੀ ਰੱਖਣ ਦੀ ਬੇਨਤੀ ਕਰਨ ਵਾਲਿਆਂ ਵਿੱਚ ਜਲਾਵਤਨੀ ਹੰਢਾ ਰਹੇ ਤਿੱਬਤੀ ਸੰਸਦ ਮੈਂਬਰਾਂ, ਵਿਸ਼ੇਸ਼ ਜਨਰਲ ਬਾਡੀ ਮੀਟਿੰਗ ਵਿੱਚ ਸ਼ਾਮਲ ਭਾਈਵਾਲਾਂ, ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਮੈਂਬਰਾਂ, ਗੈਰ-ਸਰਕਾਰੀ ਸੰਗਠਨਾਂ, ਹਿਮਾਲੀਅਨ ਖੇਤਰ, ਮੰਗੋਲੀਆ, ਰੂਸੀ ਸੰਘ ਦੇ ਬੋਧੀ ਗਣਰਾਜਾਂ ਅਤੇ ਮੁੱਖ ਭੂਮੀ ਚੀਨ ਸਮੇਤ ਏਸ਼ੀਆ ਦੇ ਬੋਧੀਆਂ ਸ਼ਾਮਲ ਹਨ।