April 27, 2025
ਅੰਤਰਰਾਸ਼ਟਰੀਖਾਸ ਖ਼ਬਰ

ਵੈਨਕੂਵਰ ’ਚ ਮੇਲਾ ਮਨਾਉਂਦੀ ਭੀੜ ਨੂੰ ਵਾਹਨ ਨੇ ਕੁਚਲਿਆ, 9 ਮੌਤਾਂ ਤੇ ਦਰਜਨਾਂ ਜ਼ਖ਼ਮੀ

ਵੈਨਕੂਵਰ ’ਚ ਮੇਲਾ ਮਨਾਉਂਦੀ ਭੀੜ ਨੂੰ ਵਾਹਨ ਨੇ ਕੁਚਲਿਆ, 9 ਮੌਤਾਂ ਤੇ ਦਰਜਨਾਂ ਜ਼ਖ਼ਮੀ

ਵੈਨਕੂਵਰ- ਇਥੇ ਵੱਸਦੇ ਫਿਲੀਪੀਨੇ ਭਾਈਚਾਰੇ ਵਲੋਂ ਅੱਜ ਮਨਾਏ ਜਾ ਰਹੇ ਰਵਾਇਤੀ ਮੇਲੇ ਮੌਕੇ ਇਕੱਤਰ ਸੈਂਕੜੇ ਲੋਕਾਂ ਦੀ ਭੀੜ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਤੇ ਦੂਰ ਤੱਕ ਕੁਚਲਦਾ ਗਿਆ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਜ਼ਖ਼ਮੀ ਦੱਸੇ ਜਾਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਐਬੀ ਅਤੇ ਸ਼ਹਿਰ ਦੇ ਮੇਅਰ ਕੈਨ ਸਿਮ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਘਟਨਾ ਤੋਂ ਬਾਅਦ ਪੁਲੀਸ ਤੇ ਬਚਾਅ ਦਲ ਨੇੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਗਿਆ ਹੈ ਕਿ ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ ਤੇ ਨਾ ਹੀ ਮਾਰੇ ਗਏ ਲੋਕਾਂ ਦੀ ਗਿਣਤੀ ਹੋ ਸਕੀ ਸੀ। ਘਟਨਾ ਰਾਤ 8 ਵਜੇ ਵੈਨਕੂਵਰ ਦੇ ਪੂਰਬੀ-ਦੱਖਣੀ ਖੇਤਰ ਦੀ ਫਰੇਜ਼ਰ ਸਟਰੀਟ ਅਤੇ 41 ਐਵੇਨਿਊ ਕੋਲ ਵਾਪਰੀ। ਫਿਲਪੀਨੇ ਭਾਈਚਾਰੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਭਾਸ਼ਾ ’ਚ ਇਸ ਤਿਓਹਾਰ ਨੂੰ ਲਾਪੂ ਲਾਪੂ ਦਿਨ ਵਜੋਂ ਜਾਣਿਆ ਜਾਂਦਾ। ਸੱਭਿਅਤਾ ਨਾਲ ਜੁੜਿਆ ਇਹ ਤਿਉਹਾਰ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ।

ਘਟਨਾ ਤੋਂ ਬਾਅਦ ਪੁਲੀਸ ਨੇ ਵਾਹਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਚਸ਼ਮਦੀਦਾਂ ਅਨੁਸਾਰ ਦੁਖਦਾਈ ਘਟਨਾ ਇੱਕ ਫੂਡ ਟਰੱਕ ਕੋਲ ਵਾਪਰੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਕਤਾਰਾਂ ਬੰਨ੍ਹ ਕੇ ਖਾਣ ਪੀਣ ਦਾ ਸਮਾਨ ਲੈਣ ਲਈ ਖੜ੍ਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ’ਤੇ ਦੂਰ ਤੱਕ ਡਿੱਗੇ ਹੋਏ ਲੋਕ ਵੇਖੇ ਗਏ, ਜਿਨ੍ਹਾਂ ’ਚੋਂ ਕੁਝ ਜ਼ਖ਼ਮੀ ਤੇ ਕੁਝ ਦੀ ਮੌਤ ਹੋ ਚੁੱਕੀ ਸੀ।

ਐਨਡੀਪੀ ਪਾਰਟੀ ਪ੍ਰਧਾਨ ਜਗਮੀਤ ਸਿੰਘ ਮੇਲੇ ਵਿਚ ਕਾਫੀ ਦੇਰ ਤੱਕ ਸ਼ਾਮਲ ਰਹੇ ਤੇ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉੱਥੋਂ ਗਏ ਸਨ। ਉਨ੍ਹਾਂ ਕਿਹਾ ਕਿ ਘਟਨਾ ਬਾਰੇ ਸੁਣ ਕੇ ਉਹ ਸੁੰਨ ਹੋ ਗਏ।

ਜਾਣਕਾਰੀ ਅਨੁਸਾਰ 43 ਐਵੇਨਿਊ ਵਲੋਂ ਆਏ ਵਾਹਨ ਨੇ ਤੇਜ਼ੀ ਨਾਲ ਮੇਲੇ ਦੀ ਭੀੜ ਵਾਲੇ ਪਾਸੇ ਮੋੜ ਕੱਟਿਆ ਤੇ ਤੇਜ਼ ਰਫਤਾਰ ਨਾਲ ਲੋਕਾਂ ਨੂੰ ਕੁਚਲਦਾ ਹੋਇਆ ਦੂਰ ਤੱਕ ਚਲਦਾ ਗਿਆ। ਮਗਰੋਂ ਪੁਲੀਸ ਵੱਲੋਂ ਕਾਬੂ ਕੀਤੇ ਜਾਣ ਮੌਕੇ ਡਰਾਈਵਰ ਵਾਰ ਵਾਰ ਮੁਆਫ਼ੀ ਮੰਗਦਾ ਰਿਹਾ ਤੇ ਉਸ ਦਾ ਵਤੀਰਾ ਕਿਸੇ ਮਾਨਸਿਕ ਰੋਗੀ ਵਰਗਾ ਨਜ਼ਰ ਆਉਂਦਾ ਸੀ। ਫੂਡ ਟਰੱਕ ਦੇ ਮਾਲਕ ਵਰਦੇਹ ਨੇ ਕਿਹਾ ਕਿ ਉਸ ਦੇ ਕੰਨਾਂ ਵਿੱਚ ਤੇਜ਼ ਰਫਤਾਰ ਟਰੱਕ ਦੇ ਇੰਜਣ ਦੀ ਆਵਾਜ਼ ਅਜੇ ਵੀ ਗੂੰਜ ਰਹੀ ਹੈ। ਆਸ ਪਾਸ ਦੇ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਜਿਵੇਂ ਇਸ ਪੂਰੀ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਹੈ।

ਵੈਨਕੂਵਰ ਪੁਲੀਸ ਦੇ ਕਾਰਜਕਾਰੀ ਮੁਖੀ ਸਟੀਵ ਰਾਏ ਨੇ ਦੱਸਿਆ ਹੈ ਕਿ ਦੁਰਘਟਨਾ ਵਿੱਚ 9 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਤੋਂ ਕਈ ਗੁਣਾਂ ਵੱਧ ਜ਼ਖ਼ਮੀ ਹਨ। ਉਨ੍ਹਾਂ ਮੁਲਜ਼ਮ ਡਰਾਈਵਰ ਬਾਰੇ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ਵੈਨਕੂਵਰ ਦੇ ਰਹਿਣ ਵਾਲੇ 30 ਸਾਲਾ ਵਿਅਕਤੀ ਦਾ ਕੋਈ ਵੱਡਾ ਅਪਰਾਧਕ ਰਿਕਾਰਡ ਤਾਂ ਨਹੀਂ ਹੈ, ਪਰ ਉਸ ਦੀਆਂ ਕੁਝ ਗਲਤੀਆਂ ਕਾਰਨ ਪੁਲੀਸ ਕੋਲ ਉਸ ਦੀ ਜਾਣਕਾਰੀ ਪਹਿਲਾਂ ਤੋਂ ਮੌਜੂਦ ਹੈ। ਸਟੀਵ ਰਾਏ ਹਾਲਾਂਕਿ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਟੋਰੀ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਫਿਲਪੀਨੋ ਭਾਈਚਾਰੇ ਨੂੰ ਹਰੇਕ ਮਦਦ ਦਾ ਭਰੋਸਾ ਦਿਵਾਇਆ ਹੈ। ਕੋਸਟ ਵੈਨਕੂਵਰ ਹੈਲਥ ਅਥਾਰਿਟੀ ਵਲੋਂ ਹਸਪਤਾਲ ਦਾਖਲ ਹੋਏ ਜ਼ਖ਼ਮੀਆਂ ਦੀ ਗਿਣਤੀ ਦੱਸਣ ਤੋਂ ਟਾਲਾ ਵੱਟਿਆ ਗਿਆ। ਕੁਝ ਲੋਕਾਂ ਨੇ ਕਿਹਾ ਕਿ ਫੜੇ ਜਾਣ ਤੋਂ ਬਾਅਦ ਦੋਸ਼ੀ ਪਾਗਲਾਂ ਵਰਗੀਆਂ ਹਰਕਤਾਂ ਕਰਦਾ ਸੀ, ਪਰ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਵਿੱਚ ਦੋਸ਼ੀ ਦੇ ਨਾਂਅ ਹੇਠ ਉਸ ਦੀ ਇਸ ਹਾਲਤ ਬਾਰੇ ਕੁਝ ਵੀ ਦਰਜ ਨਹੀਂ ਹੈ।

ਲਾਪੂ ਲਾਪੂ ਫਿਲਪੀਨਜ਼ ਦਾ ਜਬਰ ਵਿਰੋਧੀ ਆਗੂ ਸੀ, ਜਿਸ ਨੇ 27 ਅਪਰੈਲ 1521 ਨੂੰ ਫਰਾਂਸ ਦੇ ਬਸਤੀਵਾਦੀ ਰਾਜ ਦੀ ਵਿਰੋਧਤਾ ਲੜਾਈ ਵਿੱਚ ਜਿੱਤ ਹਾਸਲ ਕਰਕੇ ਫਿਲਪੀਨਾਂ ਨੂੰ ਅਜ਼ਾਦੀ ਦਿਵਾਈ ਸੀ ਤੇ ਉਦੋਂ ਤੋਂ ਉਸ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ।

Related posts

ਅਹਿਮਦਾਬਾਦ, ਸੂਰਤ ਵਿਚ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਹਿਰਾਸਤ ’ਚ ਲਏ

Current Updates

ਚੀਨ ਦੀ ਡੀਪਸੀਕ ਏ.ਆਈ. ਉਤੇ ਉਈਗਰ ਸੈਂਸਰਸ਼ਿਪ ਤੇ ਸਰਕਾਰੀ ਪ੍ਰਚਾਰ ਸਬੰਧੀ ਉਠੇ ਸਵਾਲ

Current Updates

ਸ਼ਹੀਦ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਈ

Current Updates

Leave a Comment