ਸ੍ਰੀਨਗਰ- ਪਾਕਿਸਤਾਨੀ ਫੌਜ ਨੇ ਅੱਜ ਲਗਾਤਾਰ ਤੀਜੇ ਦਿਨ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਉੱਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ (LOC) ਦੇ ਨਾਲ ‘ਛੋਟੇ ਹਥਿਆਰਾਂ’ ਨਾਲ ਫਾਇਰਿੰਗ ਕੀਤੀ। ਫੌਜੀ ਅਧਿਕਾਰੀਆਂ ਮੁਤਾਬਕ 26 ਤੇ 27 ਅਪਰੈਲ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੇ ਕੰਟਰੋਲ ਰੇਖਾ ਦੇ ਨਾਲ ਤੁਤਮਾਰੀ ਗਲੀ ਤੇ ਰਾਮਪੁਰ ਸੈਕਟਰਾਂ ਨੇੜਲੇ ਇਲਾਕਿਆਂ ਵਿਚ ‘ਬਿਨਾਂ ਕਿਸੇ ਭੜਕਾਹਟ ਤੋਂ ਛੋਟੇ ਹਥਿਆਰਾਂ’ ਨਾਲ ਫਾਇਰਿੰਗ ਕੀਤੀ। ਥਲ ਸੈਨਾ ਨੇ ਕਿਹਾ, ‘‘ਸਾਡੀਆਂ ਫੌਜਾਂ ਨੇ ਵੀ ਛੋਟੇ ਹਥਿਆਰਾਂ ਨਾਲ ਇਸ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ।’’
ਉਂਝ ਇਹ ਲਗਾਤਾਰ ਤੀਜੀ ਰਾਤ ਹੈ ਜਦੋਂ ਕੰਟਰੋਲ ਰੇਖਾ ’ਤੇ ਦੁਵੱਲੀ ਗੋਲੀਬਾਰੀ ਹੋਈ ਹੈ। ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਇਹ ਸੱਜਰੀ ਉਲੰਘਣਾ ਅਜਿਹੇ ਮੌਕੇ ਹੋਈ ਹੈ ਜਦੋਂ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਦੋਵਾਂ ਮੁਲਕਾਂ ਦਰਮਿਆਨ ਤਣਾਅ ਸਿਖਰ ’ਤੇ ਹੈ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿਚ 26 ਸੈਲਾਨੀਆਂ ਦੀ ਜਾਨ ਜਾਂਦੀ ਰਹੀ ਸੀ। ਉਧਰ ਥਲ ਸੈਨਾ ਮੁਖੀ ਉਪੇਂਦਰ ਦਿਵੇਦੀ ਵੀ ਸ਼ੁੱਕਰਵਾਰ ਨੂੰ ਕਸ਼ਮੀਰ ਪੁੱਜੇ ਸਨ।
ਦੋਵਾਂ ਮੁਲਕਾਂ ਦਰਮਿਆਨ ਵਧਦੀ ਕਸ਼ੀਦਗੀ ਕਰਕੇ ਸਰਹੱਦੀ ਕਸਬਿਆਂ ਵਿਚ ਰਹਿੰਦੇ ਲੋਕ ਦਹਿਸ਼ਤ ਵਿਚ ਹਨ। ਕੁਝ ਥਾਵਾਂ ’ਤੇ ਸਥਾਨਕ ਲੋਕਾਂ ਨੇ ਹੁਣ ਇਹਤਿਆਤ ਵਜੋਂ ਕਮਿਊਨਿਟੀ ਬੰਕਰਾਂ ਨੂੰ ਸਾਫ਼ ਕਰ ਦਿੱਤਾ ਹੈ। ਸਰਹੱਦੀ ਲੋਕਾਂ ਮੁਤਾਬਕ ਉਹ ਹੋਰ ਹਾਲਾਤ ਨਾ ਵਿਗੜਨ ਦੀ ਉਮੀਦ ਕਰ ਰਹੇ ਹਨ। 2021 ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ, ਸਰਹੱਦੀ ਕਸਬਿਆਂ ਵਿੱਚ ਸ਼ਾਂਤੀ ਦਾ ਦੌਰ ਦੇਖਣ ਨੂੰ ਮਿਲਿਆ ਸੀ ਅਤੇ ਸਰਹੱਦ ਪਾਰ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਵਾਪਰੀ ਸੀ।