ਚੰਡੀਗੜ੍ਹ- ਭਾਰਤ ਵਿੱਚ 24 ਕੈਰੇਟ ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀਆਂ ਕੀਮਤਾਂ 1 ਲੱਖ ਰੁਪਏ ਨੂੰ ਟੱਪ ਗਈਆਂ ਹਨ। NDTV ਦੀ ਇੱਕ ਰਿਪੋਰਟ ਮੁਤਾਬਕ goodreturns.com ਦੇ ਹਵਾਲੇ ਨਾਲ, ਹੁਣ ਤੱਕ, ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ ਸ਼ੁੱਧ 24-ਕੈਰੇਟ ਸੋਨੇ ਦੀ ਕੀਮਤ 10,000 ਰੁਪਏ ਪ੍ਰਤੀ ਗ੍ਰਾਮ ਤੋਂ ਵੱਧ ਹੈ। goodreturns.com ਅਨੁਸਾਰ, ਦਿੱਲੀ ਵਿੱਚ ਮੌਜੂਦਾ 24-ਕੈਰੇਟ ਸੋਨੇ ਦੀ ਕੀਮਤ (ਪ੍ਰਤੀ ਗ੍ਰਾਮ) 10,150 ਰੁਪਏ ਹੈ, ਜਦੋਂ ਕਿ ਨੋਇਡਾ, ਗੁਰੂਗ੍ਰਾਮ, ਮੁੰਬਈ, ਚੇਨਈ, ਬੰਗਲੁਰੂ ਅਤੇ ਕੋਲਕਾਤਾ ਵਿੱਚ ਕੀਮਤਾਂ 10,135 ਰੁਪਏ ਹਨ।
ਉਂਝ ਮਲਟੀ ਕਮੋਡਿਟੀ ਐਕਸਚੇਂਜ(MCX) ’ਤੇ ਸ਼ੁਰੂਆਤੀ ਕਾਰੋਬਾਰ ਵਿੱਚ ਪੀਲੀ ਧਾਤ 99,178 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਈ। ਮੰਗਲਵਾਰ ਨੂੰ ਲਗਾਤਾਰ ਚੌਥੇ ਸੈਸ਼ਨ ਲਈ ਵਾਅਦਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਰੁਝਾਨ ਜਾਰੀ ਰਿਹਾ। ਲਗਾਤਾਰ ਸੁਰੱਖਿਅਤ-ਨਿਵੇਸ਼ ਦੀ ਮੰਗ ਦਰਮਿਆਨ ਪੀਲੀ ਧਾਤ ਦੀ ਕੀਮਤ 1,899 ਰੁਪਏ ਵਧ ਕੇ 99,178 ਰੁਪਏ ਪ੍ਰਤੀ 10 ਗ੍ਰਾਮ ਦੇ ਸਿਖਰਲੇ ਪੱਧਰ ‘ਤੇ ਪਹੁੰਚ ਗਈ। ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੇਵਾ ਅਤੇ ਵਸਤੂ ਟੈਕਸ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਕੀਮਤ ਇੱਕ ਲੱਖ ਰੁਪਏ ਤੋਂ ਉੱਪਰ ਪਹੁੰਚ ਗਈ ਹੈ।