ਪੰਜਾਬੀ ਵਿਕੀਮੀਡੀਅਨਜ਼ ਦੀ ਬੈਠਕ ਵਿੱਚ ਹੋਇਆ ਫੈਸਲਾ
ਅਮਨ ਅਰੋੜਾ ਨੂੰ ਲਾਇਆ ਵਲੰਟੀਅਰ ਮੀਡੀਆ ਇੰਚਾਰਜ
ਪਟਿਆਲਾ- ਪੰਜਾਬੀ ਵਿਕੀਮੀਡੀਅਨਜ਼ ਨੇ ਪੰਜਾਬੀ ਵਿਕੀਸਰੋਤ ਦੀ ਪ੍ਰਫੁੱਲਤਾ ਦੇ ਨਾਲ-ਨਾਲ ਉਰਦੂ ਵਿਕੀਸਰੋਤ ਬਣਾਉਣ ਦਾ ਬੀੜਾ ਵੀ ਚੁੱਕ ਲਿਆ ਹੈ। ਇਸ ਸੰਬੰਧੀ ਫੈਸਲਾ ਪਟਿਆਲਾ ਦੀ ਪ੍ਰੋਫੈਸਰ ਕਲੋਨੀ ਵਿਖੇ ਪ੍ਰਸਿੱਧ ਅਨੁਵਾਦਕ ਅਤੇ ਉੱਘੇ ਸਾਹਿਤ ਚਿੰਤਕ ਚਰਨ ਗਿੱਲ ਦੇ ਨਿਵਾਸ ਅਸਥਾਨ ਤੇ ਹੋਈ ਪੰਜਾਬੀ ਵਿਕੀਮੀਡੀਅਨਜ਼ ਦੀ ਬੈਠਕ ਵਿੱਚ ਲਿਆ ਗਿਆ। ਬੈਠਕ ਸਤਦੀਪ ਗਿੱਲ ਦੀ ਅਗਵਾਈ ਵਿੱਚ ਹੋਈ ਜੋਕਿ 2009 ਤੋਂ ਵਿਕੀਪੀਡੀਆ ਲਹਿਰ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਵਿਕੀਪੀਡੀਆ ਤੇ ਪੰਜਾਬੀ ਵਿਕੀਸਰੋਤ ਉੱਤੇ ਪ੍ਰਬੰਧਕ ਵੱਜੋਂ ਵਲੰਟੀਅਰ ਸੇਵਾਵਾਂ ਨਿਭਾ ਰਹੇ ਹਨ। ਬੈਠਕ ਦੌਰਾਨ ਅਜੋਕੇ ਇੰਟਰਨੈੱਟ ਯੁੱਗ ਵਿੱਚ ਡਿਜੀਟਲ ਪਲੇਟਫ਼ਾਰਮ ਤੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਹਿੱਤ ਅਨੇਕ ਫੈਸਲੇ ਲਏ ਗਏ। ਨਾਲ ਹੀ ਸਮਾਜਿਕ ਕਾਰਕੁੰਨ ਅਮਨ ਅਰੋੜਾ ਨੂੰ ਪੰਜਾਬੀ ਵਿਕੀਮੀਡੀਅਨਜ਼ ਲਈ ਵਲੰਟੀਅਰ ਮੀਡੀਆ ਇੰਚਾਰਜ ਦੀ ਜਿੰਮੇਵਾਰੀ ਵੀ ਸੌਂਪੀ ਗਈ।
ਬੈਠਕ ਸਬੰਧੀ ਜਾਣਕਾਰੀ ਦਿੰਦਿਆਂ ਸਤਦੀਪ ਗਿੱਲ ਨੇ ਦੱਸਿਆ ਕਿ ਵਿਕੀਸਰੋਤ ਡਿਜੀਟਲ ਪਲੇਟਫ਼ਾਰਮ ਤੇ ਇੱਕ ਮੁਫ਼ਤ ਕਿਤਾਬ ਘਰ ਹੈ, ਜਿਸ ਉੱਤੇ ਸਕੈਨ ਕੀਤੀਆਂ ਕਿਤਾਬਾਂ ਦਾ ਡਿਜੀਟਲ ਰੂਪ ਤਿਆਰ ਕੀਤਾ ਜਾਂਦਾ ਹੈ। ਪੰਜਾਬੀ ਵਿਕੀਮੀਡੀਅਨਜ਼ ਲਗਾਤਾਰ ਇਸ ਨੂੰ ਅਮੀਰ ਕਰਨ ਵਿੱਚ ਜੁਟੇ ਹੋਏ ਹਨ। ਬੈਠਕ ਵਿੱਚ ਮਹਿਸੂਸ ਕੀਤਾ ਗਿਆ ਕਿ ਉਰਦੂ ਵਿਕੀਪੀਡੀਆ ਦੇ ਕਾਫ਼ੀ ਵਿਕਾਸ ਕਰ ਜਾਣ ਦੇ ਬਾਵਜੂਦ ਉਰਦੂ ਵਿਕੀਸਰੋਤ ਦੀ ਕਮੀ ਲਗਾਤਾਰ ਖਟਕ ਰਹੀ ਹੈ। ਕਿਉਂਕਿ ਪੰਜਾਬੀ ਵਿਕੀਮੀਡੀਅਨਜ਼ ਵਿੱਚ ਚਰਨ ਗਿੱਲ, ਬਲਰਾਮ ਬੋਧੀ, ਡਾ. ਪਵਨ ਟਿੱਬਾ, ਜਸਵਿੰਦਰ ਰੂਮੀ, ਸਤਦੀਪ ਗਿੱਲ ਅਤੇ ਹੋਰ ਅਨੇਕ ਉਰਦੂ-ਫ਼ਾਰਸੀ ਦਾ ਗਿਆਨ ਰੱਖਣ ਵਾਲੇ ਵਿਦਵਾਨ ਸ਼ਾਮਲ ਹਨ, ਇਸ ਲਈ ਫੈਸਲਾ ਕੀਤਾ ਗਿਆ ਕਿ ਉਰਦੂ ਵਿਕੀਸਰੋਤ ਨੂੰ ਪੰਜਾਬੀ ਵਿਕੀਮੀਡੀਅਨਜ਼ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਇਤਿਹਾਸਿਕ ਪਰਿਪੇਖ ਤੋਂ ਇਹ ਇੱਕ ਮਹੱਤਵਪੂਰਨ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲਾ ਫੈਸਲਾ ਹੈ, ਕਿਉਂਕਿ ਉਰਦੂ ਦੀ ਜਨਮਭੂਮੀ ਵੀ ਉੱਤਰੀ ਭਾਰਤ ਹੀ ਹੈ। ਸਤਦੀਪ ਨੇ ਦੱਸਿਆ ਕਿ ਵਿਕੀਸਰੋਤ ਵਿਕੀਮੀਡੀਆ ਫਾਉਂਡੇਸ਼ਨ ਵੱਲੋਂ ਸਾਲ 2003 ਵਿੱਚ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਹੈ। ਮੌਜੂਦਾ ਸਮੇਂ ਵਿੱਚ ਵਿਕੀਸਰੋਤ ਤੇ 80 ਭਾਸ਼ਾਵਾਂ ਵਿੱਚ 64 ਲੱਖ ਦੇ ਕਰੀਬ ਕਿਤਾਬਾਂ ਉਪਲਬਧ ਹਨ, ਜਿਨ੍ਹਾਂ ਨੂੰ ਕੋਈ ਵੀ ਇੰਟਰਨੈੱਟ ਵਰਤੋਂਕਾਰ ਮੁਫ਼ਤ ਪੜ ਅਤੇ ਡਾਊਨਲੋਡ ਕਰ ਸਕਦਾ ਹੈ। ਪੰਜਾਬੀ ਵਿਕੀਸਰੋਤ ਤੇ 500 ਦੇ ਕਰੀਬ ਕਿਤਾਬਾਂ ਉਪਲੱਬਧ ਹਨ, ਅਤੇ ਇਨ੍ਹਾਂ ਦੀ ਸੰਖਿਆ ਵਧਾਉਣ ਲਈ ਪੰਜਾਬੀ ਵਿਕੀਮੀਡੀਅਨਜ਼ ਦਿਨ-ਰਾਤ ਵਲੰਟੀਅਰ ਸੇਵਾਵਾਂ ਨਿਭਾ ਰਹੇ ਹਨ।
ਬੈਠਕ ਦੌਰਾਨ ਅੰਗਰੇਜ਼ੀ ਵਿਕੀਸਰੋਤ ਉੱਤੇ ਪੰਜਾਬ ਤੇ ਪੰਜਾਬੀ ਨਾਲ ਸੰਬੰਧਿਤ ਗਿਆਨ ਨੂੰ ਪ੍ਰਫੁੱਲਿਤ ਕਰਨ ਬਾਰੇ ਵੀ ਚਰਚਾ ਕੀਤੀ ਗਈ। ਅਨੁਵਾਦਕ ਅਤੇ ਉੱਤਰੀ ਖੇਤਰੀ ਭਾਸ਼ਾਵਾਂ ਕੇਂਦਰ ਦੇ ਮੁੱਖੀ ਡਾ. ਪਵਨ ਟਿੱਬਾ ਨੇ ਇਸ ਕੰਮ ਦੀ ਜ਼ਿੰਮੇਵਾਰੀ ਲਈ। ਡਾ. ਟਿੱਬਾ ਨੇ ਦੱਸਿਆ ਕਿ ਅੰਗਰੇਜ਼ੀ ਵਿੱਕੀਸਰੋਤ ਉੱਤੇ ਕਨਿੰਘਮ, ਲੇਟਨੇਰ, ਹੋਰੇਸ, ਰਿਚਰਡ ਟੈਂਪਲ ਤੇ ਫਲੋਰਾ ਐਨੀ ਸਟੀਲ ਵਰਗੇ ਵਿਦੇਸ਼ੀ ਚਿੰਤਕਾਂ ਦੀਆਂ ਕਿਤਾਬਾਂ ਦੇ ਸਕੈਨ ਤਾਂ ਮੌਜੂਦ ਹਨ ਪਰ ਉਹਨਾਂ ਨੂੰ ਡਿਜੀਟਲ ਟੈਕਸਟ ਦੇ ਰੂਪ ਵਿੱਚ ਲਿਆਉਣ ਲਈ ਟੀਮ ਬਣਾਉਣ ਦੀ ਲੋੜ ਹੈ। ਅਮਨ ਅਰੋੜਾ ਨੇ ਸਮੂਹ ਵਿਕੀਮੀਡਅਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਾਤ ਭਾਸ਼ਾ ਪੰਜਾਬੀ ਦੀ ਸੇਵਾ ਹਿੱਤ ਵਿਕੀਮੀਡੀਅਨਜ਼ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਬੈਠਕ ਦੌਰਾਨ ਵਲੰਟੀਅਰ ਸੇਵਾਵਾਂ ਨਿਭਾਉਣ ਦੇ ਇਛੁੱਕ ਵਿਦਿਆਰਥੀਆਂ, ਅਧਿਆਪਕਾਂ, ਭਾਸ਼ਾ ਅਤੇ ਸਾਹਿਤ ਪ੍ਰੇਮੀਆਂ, ਵਿਸ਼ਾ ਮਾਹਿਰਾਂ, ਵਿਦਵਾਨਾਂ ਨੂੰ ਵਿਕੀਪੀਡੀਆ ਮੁਹਿੰਮ ਨਾਲ ਜੋੜਣ ਦਾ ਫੈਸਲਾ ਵੀ ਕੀਤਾ ਗਿਆ। ਸਤਦੀਪ ਗਿੱਲ ਨੇ ਪੁਰਾਣੇ ਵਿਕੀਮੀਡੀਅਨਜ਼ ਨੂੰ ਪੇਸ਼ ਆ ਰਹੀਆਂ ਤਕਨੀਕੀ ਸਮੱਸਿਆਵਾਂ ਦਾ ਹੱਲ ਕੀਤਾ। ਇਸ ਮੌਕੇ ਤੇ ਇਸ ਮੌਕੇ ਤੇ ਸੰਗੀਤ ਮਾਹਿਰ ਕੁਸੁਮ ਸ਼ਰਮਾ, ਬੁੱਧੀਜੀਵੀ ਬਲਰਾਮ ਬੋਧੀ, ਵਿਕੀਮੀਡਅਨ ਗੁਰਮੇਲ ਕੌਰ, ਕੁਲਦੀਪ ਬੁਰਜ ਭਲਾਈਕੇ, ਗੁਰਦੀਪ ਕਾਫ਼ਰ, ਜਸਵਿੰਦਰ ਰੂਮੀ, ਸੋਨੀਆ ਅਟਵਾਲ, ਕੋਮਲ ਮੀਰਪੁਰ, ਰਾਮ ਸਰੂਪ ਢੈਪਈ, ਗਗਨੀਤ ਕੌਰ, ਗਗਨਪ੍ਰੀਤ ਕੌਰ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।