ਵਾਰਾਣਸੀ:ਵਾਰਾਣਸੀ ਸਮੂਹਿਕ ਜਬਰ ਜਨਾਹ ਦੀ ਭਿਆਨਕ ਘਟਨਾ ਦੇ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਕੁੱਲ ਨੌਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਕ ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿਚ ਕੁੱਲ 23 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਵਾਰਾਣਸੀ ਦੇ ਕੈਂਟ ਪੁਲੀਸ ਦੇ ਸਹਾਇਕ ਕਮਿਸ਼ਨਰ ਵਿਦੁਸ਼ ਸਕਸੈਨਾ ਨੇ ਕਿਹਾ, “9 ਗ੍ਰਿਫ਼ਤਾਰ ਮੁਲਜ਼ਮਾਂ ਨੂੰ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।” ਪੀੜਤਾ ਦੇ ਪਿਤਾ ਨੇ ਕਿਹਾ, “ਮੇਰੀ ਧੀ ਆਪਣੇ ਦੋਸਤ ਨੂੰ ਮਿਲਣ ਲਈ ਘਰੋਂ ਨਿਕਲੀ ਸੀ। ਉਹ 29 ਮਾਰਚ ਨੂੰ ਘਰੋਂ ਨਿਕਲੀ ਅਤੇ ਆਪਣੇ ਦੋਸਤ ਨਾਲ ਘਾਟ ’ਤੇ ਗਈ ਅਤੇ ਉੱਥੇ ਇਕ ਦਿਨ ਬਿਤਾਇਆ। ਉਸ ਤੋਂ ਬਾਅਦ ਉਹ ਲੜਕਿਆਂ ਦੇ ਸੰਪਰਕ ਵਿਚ ਆਈ। 3-4 ਦਿਨ ਬੀਤ ਜਾਣ ਉਪਰੰਤ ਅਸੀਂ ਖੁਦ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ 3 ਅਪ੍ਰੈਲ ਨੂੰ ਪੁਲੀਸ ਕੋਲ ਪਹੁੰਚ ਕੀਤੀ ਗਈ, ਜਿਸ ਉਪਰੰਤ 4 ਅਪ੍ਰੈਲ ਨੂੰ ਉਹ ਪੁਲੀਸ ਨੂੰ ਮਿਲੀ।’’
ਉਨ੍ਹਾਂ ਦੱਸਿਆ ਕਿ ਲੜਕੀ ਦੀ ਹਾਲਤ ਬਹੁਤ ਖਰਾਬ ਸੀ। ਇਲਾਜ ਤੋਂ ਬਾਅਦ ਠੀਕ ਹੋਣ ਉਪਰੰਤ ਉਸ ਨੇ ਸਾਰੀ ਘਟਨਾ ਦੱਸੀ। ਪੁਲੀਸ ਅਨੁਸਾਰ ਲੜਕੀ ਨੂੰ ਲਾਲਚ ਦੇ ਕੇ ਲਿਜਾਇਆ ਗਿਆ ਅਤੇ ਕਈ ਦਿਨਾਂ ਤੱਕ ਜਬਰ ਜਨਾਹ ਕੀਤਾ ਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ 7 ਦਿਨਾਂ ਦੇ ਸਮੇਂ ਦੌਰਾਨ 23 ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲੀਸ ਅਜੇ ਵੀ ਦੂਜੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਕਈ ਵਿਅਕਤੀਆਂ ਵੱਲੋਂ ਨਸ਼ਾ ਦਿੱਤਾ ਗਿਆ ਅਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ। ਇੰਨੇ ਸਾਰੇ ਆਦਮੀਆਂ ਦੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਇਹ ਇੱਕ ਯੋਜਨਾਬੱਧ ਕੋਸ਼ਿਸ਼ ਸੀ।ਲੜਕੀ ਦੇ ਪਿਤਾ ਨੇ ਕਿਹਾ, ‘‘ਕਿ ਮੇਰੀ ਧੀ ਨੇ ਇੰਟਰ ਵਿੱਚ ਕਾਮਰਸ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਖੇਡਾਂ ਵਿਚ ਅੱਗੇ ਵਧਣ ਦੀ ਯੋਜਨਾ ਬਣਾ ਰਹੀ ਸੀ। ਉਹ 19 ਸਾਲ ਦੀ ਹੈ। ਮੈਂ ਕਿਸੇ ਵੀ ਦੋਸ਼ੀ ਨੂੰ ਨਹੀਂ ਜਾਣਦਾ ਜਾਂ ਪਛਾਣਦਾ ਨਹੀਂ। ਯੋਗੀ ਆਦਿੱਤਿਆਨਾਥ ਅਜਿਹੇ ਮਾਮਲਿਆਂ ਨੂੰ ਸਮਝਦਾਰੀ ਨਾਲ ਸੰਭਾਲਣ ਲਈ ਜਾਣੇ ਜਾਂਦੇ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਨੂੰ ਇਨਸਾਫ਼ ਦੇਣ। ਮੈਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰਦਾ, ਪਰ ਸਜ਼ਾ ਇੰਨੀ ਸਖ਼ਤ ਹੋਣੀ ਚਾਹੀਦੀ ਹੈ ਕਿ ਲੋਕ ਕਿਸੇ ਨਾਲ ਵੀ ਜਬਰ ਜਨਾਹ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ।’’ ਇਕ ਦੋਸ਼ੀ ਦੇ ਵਕੀਲ ਆਲੋਕ ਸੌਰਭ ਨੇ ਕਿਹਾ, “ਦੋਸ਼ੀਆਂ ਨੂੰ ਅਦਾਲਤ ਵਿੱਚ ਲਿਆਂਦਾ ਗਿਆ ਸੀ ਕੁੱਲ 9 ਦੋਸ਼ੀ ਸਨ। ਸਾਰਿਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਵਿੱਚ ਕੁੱਲ 23 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ 11 ਲੋਕ ਅਣਪਛਾਤੇ ਹਨ।”