ਪਾਤੜਾਂ-ਢਾਬੀ ਗੁੱਜਰਾਂ ਬਾਰਡਰ ’ਤੇ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਅਤੇ ਹੱਡ ਚੀਰਵੀਂ ਠੰਢ ਵੀ ਭਖ ਚੁੱਕੇ ਕਿਸਾਨ ਮੋਰਚੇ ਨੂੰ ਠੰਡਾ ਕਰਨ ਵਿੱਚ ਅਸਫ਼ਲ ਹੈ। ਰੋਜ਼ਾਨਾਂ ਵਾਂਗ ਅੱਜ ਵੀ ਆਉਣ ਜਾਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਇਸੇ ਦੌਰਾਨ ਇੱਕ ਵਿਅਕਤੀ ਨੇ ਗਲ ਫਾਹੀ ਪਾ ਕੇ ਕੇਂਦਰ ਖ਼ਿਲਾਫ਼ ਰੋਸ ਪ੍ਰਗਟਾਇਆ। ਮੀਂਹ ਦੌਰਾਨ ਕਿਸਾਨ ਬਾਰਡਰ ’ਤੇ ਠੰਢ ਦੀ ਪਰਿਵਾਰ ਨਾ ਕਰਦੇ ਹੋਏ ਲੰਗਰ ਚਲਾ ਰਹੇ ਸਨ। ਰੈਣ ਬਸੇਰਿਆਂ ਤੇ ਸਟੇਜ ਦੇ ਪੰਡਾਲ ਵਿੱਚ ਔਰਤਾਂ, ਬੱਚੇ ਸਿਦਕ, ਸਬਰ ਤੇ ਸਿਰੜ ਨਾਲ ਮੰਗਾਂ ਮੰਨੇ ਜਾਣ ਦਾ ਇੰਤਜ਼ਾਰ ਕਰਦੇ ਡੱਲੇਵਾਲ ਦੀ ਚੜ੍ਹਦੀ ਕਲਾ ਤੇ ਮੋਰਚੇ ਦੀ ਸਫਲਤਾ ਲਈ ਅਰਦਾਸ ਕਰ ਰਹੇ ਸਨ।
ਟੌਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਰਜਵੰਤ ਸਿੰਘ ਨੇ ਗਲ ਫਾਹੀ ਪਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ‘ਪੰਜਾਬ ਬੰਦ’ ਵਾਲੇ ਦਿਨ ਘਰਾਂ ਵਿੱਚ ਰਹਿ ਕੇ ਲੋਕ ਅੰਦੋਲਨ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਗਲ ਵਿੱਚ ਪਾਇਆ ਰੱਸਾ ਇਹ ਸਾਬਤ ਕਰਦਾ ਹੈ ਕਿ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਲੱਖਾਂ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਗ੍ਰਾਮ ਪੰਚਾਇਤ ਜਲੂਰ ਦੇ ਸਰਪੰਚ ਗੁਰਵਿੰਦਰ ਸਿੰਘ, ਬਲਵੀਰ ਸਿੰਘ, ਗਿੰਦਰ ਸਿੰਘ, ਜਗਤਾਰ ਸਿੰਘ ਨੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਪਿੰਡ ਵਾਸੀਆਂ ਨਾਲ ਮਤਾ ਪਾਸ ਕਰ ਕੇ ਕੇਂਦਰ ਨੂੰ ਭੇਜਿਆ ਹੈ ਜਿਸ ਦੀ ਕਾਪੀ ਬਾਰਡਰ ’ਤੇ ਕਿਸਾਨ ਆਗੂਆਂ ਨੂੰ ਸੌਂਪੀ ਗਈ ਹੈ।