ਪੁਨੇ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੀ ਜਨਤਾ ਨੇ ਵਿਧਾਨ ਸਭਾ ਚੋਣਾਂ ਵਿੱਚ ਮਹਾਯੁਤੀ ਨੂੰ ਭਾਰੀ ਜਿੱਤ ਦਿਵਾ ਕੇ ਇਹ ਸਪੱਸ਼ਟ ਫ਼ੈਸਲਾ ਦੇ ਦਿੱਤਾ ਹੈ ਕਿ ਅਸਲੀ ਸ਼ਿਵ ਸੈਨਾ ਤੇ ਐੱਨਸੀਪੀ ਕੌਣ ਹੈ। ਸ਼ਿਵ ਸੈਨਾ ਅਤੇ ਐੱਨਸੀਪੀ ’ਚ ਕ੍ਰਮਵਾਰ ਜੂਨ 2022 ਤੇ ਜੁਲਾਈ 2023 ਵਿੱਚ ਵੰਡ ਪੈ ਗਈ ਸੀ, ਜਿਸ ਦੌਰਾਨ ਦੋਵਾਂ ਪਾਰਟੀਆਂ ਦਾ ਇੱਕ-ਇੱਕ ਗੁੱਟ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਤੇ ਕਾਂਗਰਸ ਦੀ ਅਗਵਾਈ ਵਾਲੀ ਮਹਾਵਿਕਾਸ ਆਗਾੜੀ ਵਿੱਚ ਸ਼ਾਮਲ ਹੋ ਗਿਆ ਸੀ। ਨਵੰਬਰ ਵਿੱਚ ਹੋਈਆਂ ਚੋਣਾਂ ’ਚ ਮਹਾਯੁਤੀ ਨੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ’ਚੋਂ 230 ਸੀਟਾਂ ਜਿੱਤੀਆਂ ਸਨ ਜਦਕਿ ਊਧਵ ਠਾਕਰੇ ਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਤੇ ਐੱਨਸੀਪੀ (ਐੱਸਪੀ) ਦੀ ਕਾਰਗੁਜ਼ਾਰੀ ਖਰਾਬ ਰਹੀ।
ਇੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 20 ਲੱਖ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡਣ ਲਈ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ,‘ਤੁਹਾਡੇ ਆਸ਼ੀਰਵਾਦ ਨਾਲ ਮਹਾਯੁਤੀ ਸੱਤਾ ’ਚ ਆਈ ਤੇ ਭਾਜਪਾ-ਸ਼ਿਵ ਸੈਨਾ-ਐੱਨਸੀਪੀ ਦੀ ਸਰਕਾਰ ਬਣੀ। ਇਤਿਹਾਸਕ ਫ਼ੈਸਲਾ ਦੇ ਕੇ ਮਹਾਰਾਸ਼ਟਰ ਦੀ ਜਨਤਾ ਨੇ ਇਹ ਵੀ ਸਪੱਸ਼ਟ ਫ਼ੈਸਲਾ ਦੇ ਦਿੱਤਾ ਕਿ ਕਿਹੜੀ ਸ਼ਿਵ ਸੈਨਾ ਅਤੇ ਐੱਨਸੀਪੀ ਅਸਲੀ ਹੈ।’ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਦੇ ਤੀਜੀ ਵਾਰ ਸੱਤਾ ’ਚ ਆਉਣ ਮਗਰੋਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ‘ਪੀਐੱਮਏਵਾਈ’ ਦਾ ਦੂਜਾ ਭਾਗ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2029 ਤੱਕ ਇਸ ਯੋਜਨਾ ਤਹਿਤ ਕੁੱਲ ਪੰਜ ਕਰੋੜ ਘਰ ਬਣਾਏ ਜਾਣਗੇ।