ਚੰਡੀਗੜ੍ਹ- ਜਿਵੇਂ ਅੱਗ ਤੋਂ ਬਿਨਾਂ ਧੂੰਆਂ ਨਹੀਂ ਹੁੰਦਾ, ਇਸੇ ਤਰ੍ਹਾਂ ਬਿਨਾਂ ‘ਗੈਰਕਾਨੂੰਨੀ ਸੱਟੇਬਾਜ਼ੀ’ ਤੋਂ ਭਾਰਤ-ਪਾਕਿਸਤਾਨ ਦਾ ਕ੍ਰਿਕਟ ਮੈਚ ਨਹੀਂ ਹੁੰਦਾ। ਨਾ ਸਿਰਫ਼ ਕ੍ਰਿਕਟ ਪ੍ਰਸ਼ੰਸਕ ਬਲਕਿ ਸੱਟੇਬਾਜ਼ ਵੀ ਇਨ੍ਹਾਂ ਦੋਵੇਂ ਮੁਲਕਾਂ ਦੇ 23 ਫਰਵਰੀ ਨੂੰ ਦੁਬਈ ਵਿੱਚ ਹੋਣ ਵਾਲੇ ਕ੍ਰਿਕਟ ਮੈਚ ਲਈ ਉਤਾਵਲੇ ਹਨ। ਚੰਗੀ ਕਮਾਈ ਦੀ ਆਸ ਨਾਲ, ਸੱਟੇਬਾਜ਼ਾਂ ਨੇ ਪਾਕਿਸਤਾਨ ਦੇ ਮੁਕਾਬਲੇ ਭਾਰਤ ’ਤੇ ‘ਸਭ ਤੋਂ ਪਸੰਦੀਦਾ ਟੀਮ’ ਵਜੋਂ ਦਾਅ ਖੇਡੇ ਹਨ। ਹਾਲਾਂਕਿ, ਦੋਵਾਂ ਟੀਮਾਂ ਦੀ ਚੈਂਪੀਅਨਜ਼ ਟਰਾਫੀ਼ ਦੇ ਇਤਿਹਾਸ ਨੂੰ ਵਾਚਿਆਂ ਪਾਕਿਸਤਾਨ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸੂਤਰਾਂ ਮੁਤਾਬਕ, ਇਸ ਸਮੇਂ ਕਰੋੜਾਂ ਰੁਪਏ ਦਾ ਸੱਟਾ ਲੱਗਣ ਦੀ ਸੰਭਾਵਨਾ ਹੈ, ਕਿਉਂਕਿ ਚੰਡੀਗੜ੍ਹ, ਐੱਨਸੀਆਰ ਤੇ ਪੰਜਾਬ ਦੇ ਕਈ ਹਿੱਸਿਆਂ ’ਚ ਚੰਗੀ ਕਮਾਈ ਕਰਨ ਲਈ ਗੈਰਕਾਨੂੰਨੀ ਸੱਟੇਬਾਜ਼ੀ ਹੋ ਰਹੀ ਹੈ। ਕਈ ਸੂਬਿਆਂ ਵਿੱਚ ਸੱਟੇਬਾਜ਼ੀ ਲਈ ਨਾ ਸਿਰਫ਼ ਪੁਰਾਣੇ ਤਰੀਕੇ (ਜ਼ਿਆਦਾਤਰ ਨਕਦੀ ਦੇ ਰੂਪ ’ਚ) ਦੀ ਵਰਤੋਂ ਕੀਤੀ ਜਾ ਰਹੀ ਹੈ ਬਲਕਿ ਆਨਲਾਈਨ ਪੋਰਟਲ ਵੀ ਇੱਛੁਕ ਵਿਅਕਤੀਆਂ ਤੋਂ ਸ਼ਰਤਾਂ ਦੇ ਪੈਸੇ ਸ਼ਰ੍ਹੇਆਮ ਲੈ ਰਹੇ ਹਨ। ਇਹੀ ਨਹੀਂ, ਆਨਲਾਈਨ ਪੋਰਟਲ ਰਾਹੀਂ ਕੌਮਾਂਤਰੀ ਬਾਜ਼ਾਰ ’ਚ ਵੀ ਇਹ ਕਾਰੋਬਾਰ ਚੱਲ ਰਿਹਾ ਹੈ। ‘ਡੱਬੇ’ (ਸੱਟੇ ਦੀ ਕੀਮਤ) ਭਲਕੇ ਖੁੱਲੇਗੀ ਤੇ ਅਸਲ ਕੀਮਤ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੱਸੀ ਜਾਵੇਗੀ। ਹਾਲਾਂਕਿ, ਆਨਲਾਈਨ ਸੱਟੇਬਾਜ਼ੀ ਦੇ ਅੰਕੜਿਆਂ ਮੁਤਾਬਕ ਦੋਵਾਂ ਕੀਮਤਾਂ ’ਚ ਜ਼ਿਆਦਾ ਫ਼ਰਕ ਨਹੀਂ ਹੈ।
ਚੰਡੀਗੜ੍ਹ ਦੇ ਇੱਕ ਸੱਟੇਬਾਜ਼ ਨੇ ਦੱਸਿਆ ਕਿ ਭਾਰਤ ’ਤੇ 100 ਰੁਪਏ ਲਾਉਣ ’ਤੇ ਬਦਲੇ ’ਚ 140 ਰੁਪਏ (ਆਨਲਾਈਨ ਐਪਲੀਕੇਸ਼ਨ ਮੁਤਾਬਕ) ਮਿਲਣਗੇ। ਇਸੇ ਤਰ੍ਹਾਂ ਪੰਜਾਬ ਦੇ ਇੱਕ ਸੱਟੇਬਾਜ਼ ਨੇ ਦੱਸਿਆ ਕਿ ਪਾਕਿਸਤਾਨ ਲਈ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਭਲਕੇ ਕੀਮਤਾਂ ਬਾਰੇ ਪਤਾ ਲੱਗ ਜਾਵੇਗਾ। ਹਾਲਾਂਕਿ ਬਾਜ਼ਾਰ ’ਚ ਦੋਵਾਂ ਟੀਮਾਂ ਨੂੰ ਹੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੂਰੇ ਮੈਚ, ਓਵਰਾਂ, ਬਾਲਾਂ ਤੇ ਇਨਿੰਗਜ਼ ਮੁਤਾਬਕ ਸੱਟਾ ਲੱਗ ਰਿਹਾ ਹੈ। ਵੱਖ-ਵੱਖਰੇ ਸੂਬਿਆਂ ’ਚ ਸੱਟੇ ਦੀਆਂ ਕੀਮਤਾਂ ਵੀ ਵੱਖੋ-ਵੱਖਰੀਆਂ ਹਨ।
ਪੁਲੀਸ ਹਾਈ ਅਲਰਟ ’ਤੇ-ਜਿੱਥੇ ਸੱਟਾ ਬਾਜ਼ਾਰ ਨੂੰ ਭਲਕੇ ਦੀ ਉਡੀਕ ਹੈ, ਉੱਥੇ ਪੁਲੀਸ ਨੇ ਵੀ ਇਸ ਖਿੱਤੇ ਵਿੱਚ ਇਸ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਆਪਣੇ ਸਾਰੇ ਸੂਤਰਾਂ ਦੀ ਚੁਸਤ-ਦਰੁਸਤ ਕਰ ਦਿੱਤਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਪੁਲੀਸ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਭਾਰਤ-ਪਾਕਿ ਮੈਚ ਦੌਰਾਨ ਹੋਣ ਵਾਲੇ ਇਸ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਪੁਲੀਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਕੁਝ ਥਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ।