ਨਵੀਂ ਦਿੱਲੀ-ਖੇਡ ਮੰਤਰਾਲੇ ਨੇ ਮਲਖੰਭ, ਈ-ਖੇਡਾਂ ਅਤੇ ਕਈ ਆਲੋਚਕਾਂ ਦੇ ਨਿਸ਼ਾਨੇ ’ਤੇ ਰਹੇ ਬ੍ਰੇਕ-ਡਾਂਸਿੰਗ ਦੇ ਵਿਸ਼ਵ ਅਤੇ ਮਹਾਂਦੀਪੀ ਚੈਂਪੀਅਨਸ਼ਿਪਾਂ ਦੇ ਤਗ਼ਮਾ ਜੇਤੂਆਂ ਨੂੰ ਨਕਦ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਬਣਾ ਦਿੱਤਾ ਹੈ ਪਰ ਜੂਨੀਅਰ ਅਤੇ ਸਬ-ਜੂਨੀਅਰ ਖਿਡਾਰੀਆਂ ਲਈ ਅਜਿਹੇ ਇਨਾਮ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰਾਲੇ ਨੇ ਅਜਿਹੀਆਂ 51 ਖੇਡਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਦੇ ਖਿਡਾਰੀ ਨਕਦ ਇਨਾਮਾਂ ਲਈ ਯੋਗ ਹੋਣਗੇ। ਇਨ੍ਹਾਂ ’ਚ ਉਹ ਖੇਡਾਂ ਸ਼ਾਮਲ ਹਨ, ਜੋ ਓਲੰਪਿਕ, ਏਸ਼ਿਆਈ, ਰਾਸ਼ਟਰਮੰਡਲ ਅਤੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਪ੍ਰੋਗਰਾਮ ਦਾ ਹਿੱਸਾ ਹਨ। ਇਸ ਸੂਚੀ ਵਿੱਚ ਖੋ-ਖੋ ਵੀ ਸ਼ਾਮਲ ਹੈ, ਜਿਸ ਦਾ ਪਹਿਲਾ ਵਿਸ਼ਵ ਕੱਪ ਪਿਛਲੇ ਮਹੀਨੇ ਦਿੱਲੀ ਵਿੱਚ ਹੋਇਆ ਸੀ। ਮੰਤਰਾਲੇ ਨੇ ਪੈਰਾ ਅਥਲੀਟਾਂ ਲਈ ਪੁਰਸਕਾਰ ਬਰਕਰਾਰ ਰੱਖੇ ਹਨ, ਜਦਕਿ ਸੁਣਨ ਤੋਂ ਅਸਮਰਥ, ਨੇਤਰਹੀਣ ਅਤੇ ਬੌਧਿਕ ਤੌਰ ’ਤੇ ਕਮਜ਼ੋਰ ਅਥਲੀਟਾਂ ਲਈ ਮੁਕਾਬਲਿਆਂ ’ਚ ਤਗ਼ਮਾ ਜੇਤੂਆਂ ਲਈ ਇਨਾਮੀ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਨ੍ਹਾਂ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਵੱਧ ਤੋਂ ਵੱਧ 10 ਲੱਖ ਰੁਪਏ ਮਿਲਦੇ ਸਨ ਪਰ ਹੁਣ ਉਨ੍ਹਾਂ ਨੂੰ 20 ਲੱਖ ਰੁਪਏ ਤੱਕ ਮਿਲ ਸਕਦੇ ਹਨ। ਹਾਲਾਂਕਿ ਮੰਤਰਾਲੇ ਨੇ ਉਮਰ ਵਰਗ ਦੇ ਖਿਡਾਰੀਆਂ ਲਈ ਇਨਾਮੀ ਰਾਸ਼ੀ ਦੀ ਪ੍ਰਣਾਲੀ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।