ਨਵੀਂ ਦਿੱਲੀ-ਏਟੀਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦਿੱਲੀ ਓਪਨ ਦੇ ਪ੍ਰਬੰਧਕਾਂ ਨੇ ਅੱਜ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਤਿੰਨ ਡੇਵਿਸ ਕੱਪ ਖਿਡਾਰੀਆਂ ਸ਼ਸ਼ੀਕੁਮਾਰ ਮੁਕੁੰਦ, ਰਾਮਕੁਮਾਰ ਰਾਮਨਾਥਨ ਅਤੇ ਕਰਨ ਸਿੰਘ ਲਈ ਵਾਈਲਡ ਕਾਰਡ ਐਂਟਰੀਆਂ ਦਾ ਐਲਾਨ ਕੀਤਾ ਹੈ। ਡੇਵਿਸ ਕੱਪ ਸਿਖਲਾਈ ਕੈਂਪ ਦਾ ਹਿੱਸਾ ਰਹੇ ਨੌਜਵਾਨ ਚਿਰਾਗ ਦੁਹਾਨ ਅਤੇ ਆਰਿਅਨ ਸ਼ਾਹ ਨੂੰ ਆਦਿਤਿਆ ਗੋਵਿਲਾ ਅਤੇ ਸਿਧਾਰਥ ਰਾਵਤ ਦੇ ਨਾਲ ਕੁਆਲੀਫਾਈਂਗ ਈਵੈਂਟ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ। ਵਿਸ਼ਵ ਰੈਂਕਿੰਗ ਵਿੱਚ 31ਵੇਂ ਸਥਾਨ ’ਤੇ ਰਹਿ ਚੁੱਕਾ ਲੋਇਡ ਹੈਰਿਸ ਅਤੇ 2019 ਜੂਨੀਅਰ ਵਿੰਬਲਡਨ ਚੈਂਪੀਅਨ ਸ਼ਿੰਤਾਰੋ ਮੋਚੀਜ਼ੂਕੀ ਏਟੀਪੀ ਚੈਲੇਂਜਰ 75 ਟੂਰਨਾਮੈਂਟ ਵਿੱਚ ਸਿਖਰਲੇ ਅੱਠ ਦਰਜਾ ਪ੍ਰਾਪਤ ਖਿਡਾਰੀਆਂ ਵਿੱਚ ਸ਼ਾਮਲ ਹੋਣਗੇ, ਜੋ 10-16 ਫਰਵਰੀ ਤੱਕ ਡੀਐੱਲਟੀਏ ਕੰਪਲੈਕਸ ਵਿੱਚ ਹੋਣ ਵਾਲੇ ਪੰਜਵੇਂ ਗੇੜ ’ਚ ਖੇਡਣਗੇ।
ਦੱਖਣੀ ਅਫਰੀਕਾ ਦੇ ਹੈਰਿਸ ਨੂੰ ਸਿੰਗਲਜ਼ ਮੁੱਖ ਡਰਾਅ ਵਿੱਚ ਚੌਥਾ ਦਰਜਾ, ਜਦਕਿ ਜਪਾਨ ਦੇ ਉੱਭਰਦੇ 21 ਸਾਲਾ ਮੋਚੀਜ਼ੁਕੀ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ। ਚੈੱਕ ਗਣਰਾਜ ਦਾ ਵਿਟ ਕੋਪ੍ਰੀਵਾ ਡਰਾਅ ਵਿੱਚ ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ।