ਮੁੰਬਈ-ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇ ਦਿੱਲੀ ਵਿੱਚ ਕਾਂਗਰਸ-‘ਆਪ’ ਦਾ ਗੱਠਜੋੜ ਹੁੰਦਾ ਤਾਂ ਭਾਜਪਾ ਦੀ ਹਾਰ ਪੱਕੀ ਸੀ। ਮਹਾਰਾਸ਼ਟਰ ਵੋਟਰ ਸੂਚੀ ਵਿੱਚ ਗੜਬੜੀਆਂ ਦਾ ਦੋਸ਼ ਦੁਹਰਾਉਂਦਿਆਂ ਰਾਊਤ ਨੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਵੀ ‘ਮਹਾਰਾਸ਼ਟਰ ਪੈਟਰਨ’ ਲਾਗੂ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ ਵਿੱਚ ‘ਮਹਾਯੁਤੀ’ ਗੱਠਜੋੜ ਨੇ ਮਹਾਰਾਸ਼ਟਰ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜੇ ‘ਆਪ’ ਅਤੇ ਕਾਂਗਰਸ ਵਿਚਾਲੇ ਰਿਸ਼ਤਾ ਚੰਗਾ ਹੁੰਦਾ ਤਾਂ ਬਿਹਤਰ ਨਤੀਜਾ ਆਉਂਦਾ। ਦੋਵਾਂ ਪਾਰਟੀਆਂ ਨੇ ਭਾਜਪਾ ਖ਼ਿਲਾਫ਼ ਵੱਖਰੇ ਤੌਰ ’ਤੇ ਚੋਣਾਂ ਲੜੀਆਂ। ਜੇ ਦੋਵੇਂ ਪਾਰਟੀਆਂ ਇਕੱਠੇ ਚੋਣਾਂ ਲੜਦੀਆਂ ਤਾਂ ਭਾਜਪਾ ਦੀ ਹਾਰ ਪੱਕੀ ਸੀ। ਸਾਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ।’ ਰਾਊਤ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ਵਿੱਚ 39 ਲੱਖ ਵੋਟਾਂ ਜੋੜੀਆਂ ਗਈਆਂ। ਉਨ੍ਹਾਂ ਕਿਹਾ, ‘ਇਹ ਵੋਟਾਂ ਬਿਹਾਰ ਨਹੀਂ ਜਾਣਗੀਆਂ, ਜਦਕਿ ਕੁੱਝ ਦਿੱਲੀ ਚਲੀਆਂ ਗਈਆਂ ਹਨ। ਦਿੱਲੀ ਵਿੱਚ ਵੀ ਮਹਾਰਾਸ਼ਟਰ ਪੈਟਰਨ ਲਾਗੂ ਹੋਇਆ ਹੈ। ਚੋਣ ਕਮਿਸ਼ਨ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ।’ ਉਨ੍ਹਾਂ ਦੋਸ਼ ਲਾਇਆ, ‘ਆਮ ਆਦਮੀ ਪਾਰਟੀ ਦੇ ਸਾਰੇ ਅਹਿਮ ਆਗੂ ਜੇਲ੍ਹ ’ਚ ਸੁੱਟ ਦਿੱਤੇ ਗਏ ਸਨ, ਜੋ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਹੈ। ਭਾਜਪਾ ਖ਼ਿਲਾਫ਼ ਖੜ੍ਹੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਮਹਾਰਾਸ਼ਟਰ ਦਾ ਪੈਟਰਨ ਹੈ।’
previous post