ਨਵੀਂ ਦਿੱਲੀ : ਮਲੇਰੀਆ ਦੀ ਇਕ ਨਵੀਂ ਵੈਕਸੀਨ ਉਮੀਦ ਦੀ ਨਵੀਂ ਕਿਰਨ ਦਿਖਾਉਂਦੀ ਹੈ। ਅਫਰੀਕੀ ਬੱਚਿਆਂ ’ਤੇ ਇਸ ਟੀਕੇ ਦੇ ਫੇਜ਼ 2ਬੀ ਦੇ ਕਲੀਨਿਕਲ ਟ੍ਰਾਇਲ ਕੀਤੇ ਗਏ। ਅੰਤ੍ਰਿਮ ਨਤੀਜੇ ਦੱਸਦੇ ਹਨ ਕਿ ਵੈਕਸੀਨ ਸੁਰੱਖਿਅਤ ਤੇ ਮਜ਼ਬੂਤ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਦੇ ਨਾਲ-ਨਾਲ ਆਸ਼ਾਜਨਕ ਪ੍ਰਭਾਵਾਂ ਨਾਲ ਲੈਸ ਹੈ। ਆਰਐੱਚ5.1/ਮੈਟ੍ਰਿਕਸ-ਐੱਮ ਨਾਮੀ ਇਸ ਵੈਕਸੀਨ ਦੇ ਪ੍ਰੀਖਣ ਦੇ ਨਤੀਜੇ ਦਿ ਲੈਸੇਂਟ ਇਨਫੈਕਸ਼ਨਜ਼ ਡਿਸੀਜ਼ਿਜ਼ ’ਚ ਪ੍ਰਕਾਸ਼ਿਤ ਹੋਏ ਹਨ। ਵੈਕਸੀਨ ਬਲੱਡ-ਸਟੈੱਪ ਟਾਈਪ ਹੈ, ਭਾਵ ਜਦੋਂ ਮਲੇਰੀਆ ਦਾ ਕਾਰਨ ਬਣਨ ਵਾਲਾ ਪੈਰਾਸਾਈਟ ਖ਼ੂਨ ’ਚ ਮੌਜੂਦ ਹੁੰਦਾ ਹੈ, ਇਹ ਵੈਕਸੀਨ ਉਸ ਨੂੰ ਨਿਸ਼ਾਨਾ ਬਣਾਉਂਦੀ ਹੈ। ਬਲੱਡ-ਸਟੇਜ ’ਚ ਹੀ ਲਾਗ ਵਾਲੇ ਵਿਅਕਤੀ ’ਚ ਮਲੇਰੀਆ ਦੇ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ।
ਮਾਦਾ ਐਨਾਫਲੀਜ਼ ਮੱਛਰ ਦੇ ਕੱਟੇ ਜਾਣ ਨਾਲ ਹੋਣ ਵਾਲੇ ਮਲੇਰੀਏ ਦਾ ਕਾਰਨ ਪਲਾਜ਼ਮੋਡੀਅਮ ਪੈਰਾਸਾਈਟ ਹੈ। ਇਸਦੇ ਲੱਛਣ ਕੱਟਣ ਦੇ ਅੰਦਾਜ਼ਨ 10-15 ਦਿਨਾਂ ਬਾਅਦ ਨਜ਼ਰ ਆਉਂਦੇ ਹਨ। ਹਲਕੇ ਲੱਛਣਾਂ ’ਚ ਬੁਖ਼ਾਰ, ਠੰਢ ਲੱਗਣਾ ਤੇ ਸਿਰਦਰਦ ਸ਼ਾਮਲ ਹਨ, ਜਦਕਿ ਗੰਭੀਰ ਲੱਛਣਾਂ ’ਚ ਥਕਾਵਟ, ਦੌਰੇ ਤੇ ਸਾਹ ਲੈਣ ’ਚ ਔਖ ਵੀ ਹੋ ਸਕਦੀ ਹੈ। ਯੂਕੇ ਸਥਿਤ ਆਕਸਫੋਰਡ ਯੂਨੀਵਰਸਿਟੀ ਤੇ ਬੁਰਕੀਨਾ ਫਾਸੋ ਦੇ ਇੰਸਟੀਚਿਊਟ ਡੀ ਰਿਸਰਚ ਐਨ ਸਾਇੰਸਿਜ਼ ਡੇ ਲਾ ਸੈਂਟੇ ਦੇ ਖੋਜੀਆਂ ਨੇ ਇਸ ਅਧਿਐਨ ’ਚ ਅਫਰੀਕੀ ਦੇਸ਼ ਦੇ 361 ਬੱਚਿਆਂ ਨੂੰ ਸ਼ਾਮਲ ਕੀਤਾ। ਇਨ੍ਹਾਂ ਨੂੰ ਜਾਂ ਤਾਂ ਆਰਐੱਚ5.1/ਮੈਟ੍ਰਿਕਸ-ਐੱਮ ਵੈਕਸੀਨ ਦੀਆਂ ਤਿੰਨ ਖੁਰਾਕਾਂ ਜਾਂ ਰੇਬੀਜ਼ ਕੰਟਰੋਲ ਵੈਕਸੀਨ ਦਿੱਤੀ ਗਈ। ਖ਼ੁਰਾਕ ਦੇਣ ਦੀਆਂ ਦੋ ਪ੍ਰਣਾਲੀਆਂ ਅਪਣਾਈਆਂ ਗਈਆਂ। ਪਹਿਲੀ ਪ੍ਰਣਾਲੀ ’ਚ ਦੂਜੀ ਖ਼ੁਰਾਕ ਦੇ ਚਾਰ ਮਹੀਨਿਆਂ ਬਾਅਦ ਤੀਜੀ ਖ਼ੁਰਾਕ ਦਿੱਤੀ ਗਈ, ਜਦਕਿ ਦੂਜੀ ਪ੍ਰਣਾਲੀ ਮਹੀਨਾਵਾਰ ਸੀ, ਜਿਸ ਵਿਚ ਦੂਜੀ ਖ਼ੁਰਾਕ ਦੇ ਇਕ ਮਹੀਨੇ ਬਾਅਦ ਤੀਜੀ ਖ਼ੁਰਾਕ ਦਿੱਤੀ ਗਈ। ਪਹਿਲੀ ਭਾਵ ਦੇਰੀ ਵਾਲੀ ਪ੍ਰਣਾਲੀ ’ਚ ਬੱਚਿਆਂ ’ਚ ਵੈਕਸੀਨ ਦੀ ਪ੍ਰਭਾਵਸ਼ੀਲਤਾ ਜਾਂ ਅਸਰ 55 ਫ਼ੀਸਦੀ ਪਾਇਆ ਗਿਆ•, ਜਦਕਿ ਦੂਜੀ ਜਾਂ ਮਹੀਨਾਵਾਰ ਪ੍ਰਣਾਲੀ ’ਚ ਇਹ 40 ਫ਼ੀਸਦੀ ਮਿਲਿਆ। ਖੋਜੀਆਂ ਨੇ ਪਾਇਆਕਿ ਪਹਿਲੀ ਪ੍ਰਣਾਲੀ ’ਚ ਬੱਚਿਆਂ ’ਚ ਐਂਟੀਬਾਡੀਜ਼ ਤੇ ਰੋਗ ਪ੍ਰਤੀਰੋਧੀ ਸਮਰੱਥਾ ਪ੍ਰਤੀਕਿਰਿਆ ਦੇ ਉੱਚੇ ਪੱਧਰ ਦੇਖਣ ਨੂੰ ਮਿਲੇ।
ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਲਈ ਮਲੇਰੀਆ ਦੇ ਦੋ ਟੀਕਿਆਂ- ਆਰਟੀਐੱਸ, ਐੱਸ/ਏਐੱਸ01 ਤੇ ਆਰ21/ਮੈਟ੍ਰਿਕਸ-ਐੱਮ ਦੀ ਸਿਫਾਰਿਸ਼ ਕੀਤੀ ਹੈ ਤੇ ਇਹ ਟੀਕੇ ਲਿਵਰ ’ਚ ਮੌਜੂਦ ਮਲੇਰੀਆ ਪੈਰਾਸਾਈਟ ਨੂੰ ਨਿਸ਼ਾਨਾ ਬਣਾਉਂਦੇ ਹਨ। ਹਾਲਾਂਕਿ, ਖੋਜੀਆਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਹੀ ਟੀਕਿਆਂ ਨੇ ਬਲੱਡ-ਸਟੇਜ ’ਚ ਮਲੇਰੀਆ ਪੈਰਾਸਾਈਟ ਦੇ ਖ਼ਿਲਾਫ਼ ਰੋਕ ਪ੍ਰਤੀਰੋਧੀ ਸਮਰੱਥਾ ਪੈਦਾ ਨਹੀਂ ਕੀਤੀ। ਮੈਟ੍ਰਿਕਸ ਐੱਮ ਵੈਕਸੀਨ ਖ਼ੂਨ ’ਚ ਮੌਜੂਦ ਮਲੇਰੀਆ ਪੈਰਾਸਾਈਟ ਨੂੰ ਨਿਸ਼ਾਨਾ ਬਣਾ ਕੇ ਸੁਰੱਖਿਆ ਦੀ ਦੂਜੀ ਪਰਤ ਬਣਾਉਂਦੇ ਹਨ।