December 29, 2025
ਖਾਸ ਖ਼ਬਰਰਾਸ਼ਟਰੀ

ਸੀਰੀਆ ’ਚ ਬਾਗ਼ੀਆਂ ਦਾ ਚਾਰ ਸ਼ਹਿਰਾਂ ’ਤੇ ਕਬਜ਼ਾ, ਅਸਦ ਹਕੂਮਤ ਖ਼ਤਰੇ ’ਚ

ਸੀਰੀਆ ’ਚ ਬਾਗ਼ੀਆਂ ਦਾ ਚਾਰ ਸ਼ਹਿਰਾਂ ’ਤੇ ਕਬਜ਼ਾ, ਅਸਦ ਹਕੂਮਤ ਖ਼ਤਰੇ ’ਚ

ਬੈਰੂਤ– ਸੀਰੀਆ ਦੇ ਬਾਗ਼ੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਦੱਖਣੀ ਸ਼ਹਿਰ ਦਾਰਾ ‘ਤੇ ਕਬਜ਼ਾ ਕਰ ਲਿਆ, ਜੋ ਮੁਲਕ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਵਿਰੁੱਧ 2011 ਦੇ ਵਿਦਰੋਹ ਦਾ ਜਨਮ ਸਥਾਨ ਹੈ। ਇਸ ਦੇ ਨਾਲ ਹੀ ਮੁਲਕ ਦੀ ਫ਼ੌਜ ਨੇ ਇੱਕ ਹਫ਼ਤੇ ਵਿੱਚ ਦੇਸ਼ ਦਾ ਚੌਥਾ ਸ਼ਹਿਰ ਗੁਆ ਲਿਆ ਹੈ। ਬਾਗ਼ੀਆਂ ਦੇ ਸੂਤਰਾਂ ਨੇ ਕਿਹਾ ਕਿ ਫੌਜ ਨੇ ਇਕ ਸਮਝੌਤੇ ਤਹਿਤ ਦਾਰਾ ਤੋਂ ਪੜਾਅਵਾਰ ਵਾਪਸੀ ਲਈ ਸਹਿਮਤੀ ਦਿੱਤੀ ਹੈ, ਜਿਸ ਰਾਹੀਂ ਫੌਜ ਦੇ ਅਧਿਕਾਰੀਆਂ ਨੂੰ ਕਰੀਬ 100 ਕਿਲੋਮੀਟਰ (60 ਮੀਲ) ਉੱਤਰ ਵਿਚ ਰਾਜਧਾਨੀ ਦਮਸ਼ਕ ਵੱਲ ਜਾਣ ਲਈ ਸੁਰੱਖਿਅਤ ਲਾਂਘਾ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ਵੀਡੀਓਜ਼ ਵਿੱਚ ਮੋਟਰਸਾਈਕਲਾਂ ‘ਤੇ ਬਾਗ਼ੀਆਂ ਅਤੇ ਹੋਰ ਲੋਕਾਂ ਨੂੰ ਸੜਕਾਂ ‘ਤੇ ਆਮ ਲੋਕਾਂ ਨੂੰ ਮਿਲਦੇ ਹੋਏ ਦਿਖਾਇਆ ਗਿਆ ਹੈ। ਵੀਡੀਓਜ਼ ਦੇ ਅਨੁਸਾਰ ਲੋਕਾਂ ਨੇ ਜਸ਼ਨ ਵਿੱਚ ਸ਼ਹਿਰ ਦੇ ਮੁੱਖ ਚੌਕ ਵਿੱਚ ਹਵਾ ਵਿੱਚ ਗੋਲੀਆਂ ਚਲਾਈਆਂ। ਦੂਜੇ ਪਾਸੇ ਫੌਜ ਜਾਂ ਅਸਦ ਦੀ ਸਰਕਾਰ ਵੱਲੋਂ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਇਹ ਖ਼ਬਰ ਏਜੰਸੀ ਬਾਗ਼ੀਆਂ ਦੇ ਦਾਅਵੇ ਦੀ ਆਜ਼ਾਦਾਨਾ ਪੁਸ਼ਟੀ ਨਹੀਂ ਕਰਦੀ।
ਦਾਰਾ ਉਤੇ ਬਾਗ਼ੀਆਂ ਦੇ ਕਬਜ਼ੇ ਨਾਲ ਅਸਦ ਦੀਆਂ ਫ਼ੌਜਾਂ ਨੇ ਇੱਕ ਹਫ਼ਤੇ ਵਿੱਚ ਚਾਰ ਅਹਿਮ ਕੇਂਦਰਾਂ ਉਤੇ ਕਬਜ਼ਾ ਕਰ ਲਿਆ ਹੈ। ਇਸ ਸ਼ਹਿਰ ਦੀ ਆਬਾਦੀ 13 ਸਾਲ ਪਹਿਲਾਂ ਮੁਲਕ ਵਿਚ ਖ਼ਾਨਾਜੰਗੀ ਸ਼ੁਰੂ ਹੋਣ ਤੋਂ ਪਹਿਲਾਂ 100,000 ਤੋਂ ਵੱਧ ਸੀ, ਜਿਹੜਾ ਬਗ਼ਾਵਤ ਦੇ ਮੁੱਖ ਕੇਂਦਰ ਵਜੋਂ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ। ਇਹ ਜਾਰਡਨ ਦੀ ਸਰਹੱਦ ਨਾਲ ਲੱਗਦੇ ਕਰੀਬ 10 ਲੱਖ ਆਬਾਦੀ ਵਾਲੇ ਇਸੇ ਨਾਂ (Daraa) ਵਾਲੇ ਸੂਬੇ ਦੀ ਰਾਜਧਾਨੀ ਹੈ।
ਦਾਰਾ ਉਤੇ ਕਬਜ਼ਾ ਸ਼ੁੱਕਰਵਾਰ ਦੇਰ ਰਾਤ ਬਾਗ਼ੀਆਂ ਦੇ ਇਸ ਦਾਅਵੇ ਤੋਂ ਬਾਅਦ ਕੀਤਾ ਗਿਆ ਕਿ ਉਹ ਕੇਂਦਰੀ ਸ਼ਹਿਰ ਹੋਮਸ ਦੀਆਂ ਬਰੂਹਾਂ ਵੱਲ ਵਧ ਗਏ ਹਨ, ਜੋ ਰਾਜਧਾਨੀ ਅਤੇ ਭੂਮੱਧ ਸਾਗਰ ਸਾਹਿਲ ਦੇ ਵਿਚਕਾਰ ਇੱਕ ਮੁੱਖ ਚੌਰਾਹਾ ਹੈ। ਜੇ ਬਾਗ਼ੀਆਂ ਦਾ ਹੋਮਸ ‘ਤੇ ਕਬਜ਼ਾ ਹੋ ਜਾਂਦਾ ਹੈ ਤਾਂ ਅਸਦ ਦੇ ਘੱਟ-ਗਿਣਤੀ ‘ਅਲਾਵੀ’ ਭਾਈਚਾਰੇ, ਜਿਨ੍ਹਾਂ ਨੂੰ ‘ਨਸੀਰੀ ’ ਵੀ ਕਿਹਾ ਜਾਂਦਾ ਹੈ ਦੇ ਸਾਹਿਲ ਉਤੇ ਪੈਂਦੇ ਮੁੱਖ ਗੜ੍ਹ ਦਾ ਰੂਸੀ ਸਮੁੰਦਰੀ ਫੌਜੀ ਅੱਡੇ ਅਤੇ ਹਵਾਈ ਅੱਡੇ ਤੋਂ ਸੰਪਰਕ ਕੱਟਿਆ ਜਾਵੇਗਾ। ਗ਼ੌਰਲਤਬ ਹੈ ਕਿ ਰੂਸ ਅਸਦ ਦਾ ਇਕ ਮੁੱਖ ਸਹਿਯੋਗੀ ਅਤੇ ਮਦਦਗਾਰ ਹੈ।
ਬਾਗ਼ੀ ਧੜਿਆਂ ਦੇ ਇੱਕ ਗੱਠਜੋੜ ਨੇ ਹੋਮਸ ਵਿਚਲੇ ਅਸਦ ਹਕੂਮਤ ਦੇ ਵਫ਼ਾਦਾਰ ਫ਼ੌਜੀ ਦਸਤਿਆਂ ਨੂੰ ਫ਼ੌਰੀ ਸ਼ਹਿਰ ਛੱਡ ਕੇ ਚਲੇ ਜਾਣ ਲਈ ਆਖ਼ਰੀ ਚੇਤਾਵਨੀ ਦਿੱਤੀ ਹੈ। ਚਸ਼ਮਦੀਦਾਂ ਮੁਤਾਬਕ ਬਾਗ਼ੀਆਂ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਹਜ਼ਾਰਾਂ ਲੋਕ ਹੋਮਸ ਛੱਡ ਕੇ ਸਰਕਾਰ ਦੇ ਸਮੁੰਦਰ ਕੰਢੇ ਪੈਂਦੇ ਲਤਾਕੀਆ ਅਤੇ ਟਾਰਤਸ ਵਰਗੇ ਮੁੱਖ ਗੜ੍ਹਾਂ ਭੱਜ ਰਹੇ ਹਨ ਅਤੇ ਮੁਲਕ ਵਿਚ ਪੂਰੀ ਤਰ੍ਹਾਂ ਲਾਕਾਨੂੰਨੀਅਤ ਤੇ ਅਰਾਜਕਤਾ ਦਾ ਮਾਹੌਲ ਹੈ।

Related posts

ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਨਾਲ ਲਾਪਤਾ ਲੋਕਾਂ ਦੀ ਭਾਲ ਤੇਜ਼, ਸੂਬਾ ਸਰਕਾਰ ਵੱਲੋਂ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ

Current Updates

ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ: ਮਾਇਆਵਤੀ

Current Updates

ਵੈਨਕੂਵਰ ’ਚ ਭੂਚਾਲ ਦੇ ਝਟਕੇ

Current Updates

Leave a Comment