ਊਰਜਾ ਦੀ ਬਚਤ ਉੱਨਤੀ ਵੱਲ ਕਦਮ-ਡੀਈਓ
-ਬਿਜਲੀ ਬਚਤ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਪਟਿਆਲਾ (08 ਦਸੰਬਰ)। ਊਰਜਾ ਦੇ ਹਰ ਸਰੋਤ ਦੀ ਬਚਤ ਕਰਨਾ ਉੱਨਤੀ ਵੱਲ ਕਦਮ ਵਧਾਉਣਾ ਹੈ। ਬਿਜਲਈ ਊਰਜਾ ਦੀ ਬਚਤ ਸਭ ਤੋਂ ਮਹੱਤਵਪੂਰਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਧਿਕਾਰੀ ਹਰਿੰਦਰ ਕੌਰ ਨੇ ਕੀਤਾ। ਉਹ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਬਿਜਲਈ ਊਰਜਾ ਦੀ ਬਚਤ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਡਾਇਰੈਕਟਰ (ਕਮਰਸ਼ੀਅਲ) ਰਵਿੰਦਰ ਸਿੰਘ ਸੈਣੀ ਕੀਤੀ, ਜਦਕਿ ਸਕੂਲ ਦੀ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ, ਸਰਪ੍ਰਸਤ ਕੁਲਬੀਰ ਸਿੰਘ ਸ਼ੇਰਗਿਲ ਅਤੇ ਸਾਬਕਾ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਰੋਹ ਦਾ ਆਯੋਜਨ ਸਕੂਲ ਪ੍ਰਬੰਧਨ ਅਤੇ ਪੀਐਸਪੀਸੀਐਲ ਦੇ ਡਿਮਾਂਡ ਸਾਈਡ ਮੈਨੇਜਮੈਂਟ ਯੂਨਿਟ ਵੱਲੋਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਵਿਜੈ ਕਪੂਰ ਅਤੇ ਪੀਐਸਪੀਸੀਐਲ ਦੇ ਚੀਫ਼ ਇੰਜੀਨੀਅਰ (ਕਮਰਸ਼ੀਅਲ) ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਕੀਤਾ ਗਿਆ। ਜਿਊਗ੍ਰਾਫੀ ਦੇ ਲੈਕਚਰਾਰ ਅਤੇ ਪ੍ਰਸਿੱਧ ਵਾਤਾਵਰਣ ਮਾਹਿਰ ਡਾ. ਆਸ਼ਾ ਕਿਰਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਾਰੋਹ ਦਾ ਸੰਚਾਲਨ ਕੀਤਾ।
ਡਾਇਰੈਕਟਰ ਪੀਐਸਪੀਸੀਐਲ ਸ਼੍ਰੀ ਸੈਣੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਬਿਜਲਈ ਊਰਜਾ ਦੀ ਬਚਤ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਬਿਜਲਈ ਊਰਜਾ ਦੀ ਬਚਤ ਵਿੱਚ ਹਿੱਸਾ ਪਾਕੇ ਦੇਸ਼ ਦੀ ਉੱਨਤੀ ਵਿੱਚ ਹਿੱਸਾ ਪਾ ਸਕਦਾ ਹੈ। ਉਨ੍ਹਾਂ ਸਮਾਰੋਹ ਦੇ ਸਫ਼ਲ ਆਯੋਜਨ ਲਈ ਸਕੂਲ ਅਤੇ ਪੀਐਸਪੀਸੀਐਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸ੍ਰੀਮਤੀ ਕਪੂਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬਿਜਲਈ ਊਰਜਾ ਦੀ ਬਚਤ ਅਤੇ ਦੁਰਵਰਤੋਂ ਦੀ ਰੋਕਥਾਮ ਵਿਸ਼ੇ ਤੇ ਵਿਦਿਆਰਥੀਆਂ ਦੇ ਭਾਸ਼ਣ ਅਤੇ ਮੋਬਾਇਲ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ। ਭਾਸ਼ਣ ਮੁਕਾਬਲੇ ਵਿੱਚ ਦਸਵੀਂ ਜਮਾਤ ਦੇ ਧੈਰਯ ਨੇ ਪਹਿਲਾ ਅਤੇ ਗਿਆਰ੍ਹਵੀਂ ਦੀ ਨੇਹਾ ਨੇ ਦੂਜਾ ਸਥਾਨ ਹਾਸਲ ਕੀਤਾ। ਬਾਰ੍ਹਵੀਂ ਜਮਾਤ ਦਾ ਪ੍ਰਦੀਪ ਸਿੰਘ ਅਤੇ ਦਸਵੀਂ ਦੀ ਇਸ਼ਮੀਤ ਕੌਰ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਰਹੇ। ਮੋਬਾਇਲ ਫੋਟੋਗ੍ਰਾਫੀ ਮੁਕਾਬਲੇ ਵਿੱਚ ਬਾਰ੍ਹਵੀਂ ਦਾ ਅੰਕਿਤ ਜੈਨ ਪਹਿਲੇ, ਗਿਆਰ੍ਹਵੀਂ ਦਾ ਅਨਿਕੇਤ ਦੂਜੇ ਅਤੇ ਬਾਰ੍ਹਵੀਂ ਦਾ ਅਸ਼ਮੀਤ ਤੀਜੇ ਸਥਾਨ ਤੇ ਰਹੇ। ਪੰਜਾਬੀ ਲੈਕਚਰਾਰ ਡਾ. ਪੁਸ਼ਵਿੰਦਰ ਕੌਰ ਅਤੇ ਸਾਇੰਸ ਮਿਸਟ੍ਰੈਸ ਮਨਪ੍ਰੀਤ ਕੌਰ ਨੇ ਮੁਕਾਬਲਿਆਂ ਦੇ ਜੱਜਾਂ ਦੀ ਭੂਮਿਕਾ ਨਿਭਾਈ। ਤਮਾਸ਼ਾ ਥੀਏਟਰ ਗਰੁੱਪ ਵੱਲੋਂ ਬਿਜਲੀ ਬਚਤ ਲਈ ਪ੍ਰੇਰਿਤ ਕਰਦਾ ਨੁੱਕੜ ਨਾਟਕ ਵੀ ਖੇਡਿਆ ਗਿਆ। ਇਸ ਮੌਕੇ ਤੇ ਨਿਗਰਾਨ ਇੰਜੀਨੀਅਰ ਸਲੀਮ ਮੁਹੰਮਦ, ਐਕਸਈਐਨ ਐਚਆਰਐਸ ਸੰਧੂ, ਐਸਡੀਓ ਭੁਪਿੰਦਰ ਸਿੰਘ, ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ, ਲੈਕਚਰਾਰ ਜਤਿੰਦਰਪਾਲ ਸਿੰਘ, ਲੈਕਚਰਾਰ ਅਮਨਦੀਪ ਕੌਰ ਚਾਹਲ, ਲੈਕਚਰਾਰ ਸ਼ਿਵਾਨੀ, ਸ਼ਾਲਿਨੀ, ਰਣਜੀਤ ਸਿੰਘ ਬੀਰੋਕੇ, ਬਲਵਿੰਦਰ ਸਿੰਘ ਡੀਪੀਈ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।