ਨਵੀਂ ਦਿੱਲੀ-ਕਾਂਗਰਸ ਨੇ ਸ਼ਨਿੱਚਰਵਾਰ ਨੂੰ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ‘ਤੇ ‘ਖ਼ੁਦ ਹੀ ਆਪਣੇ-ਆਪ ਨੂੰ ਦਿੱਤੀ ਵਧਾਈ’ ਇਸ ਸੱਚ ਨੂੰ ਛੁਪਾ ਸਕਦੀ ਕਿ ਦੇਸ਼ ਦਾ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਕਿ ਕੰਮ ਕਰ ਰਿਹਾ ਹੈ, ਇਹ ਨਾ ਸਿਰਫ਼ ਸੰਵਿਧਾਨ ਦਾ ‘ਮਜ਼ਾਕ’ ਬਣਾ ਰਿਹਾ ਹੈ, ਸਗੋਂ ਇਹ ਵੋਟਰਾਂ ਦਾ ਅਪਮਾਨ ਵੀ ਕਰ ਰਿਹਾ ਹੈ।
ਸ੍ਰੀ ਖੜਗੇ ਨੇ ਇਕ ਟਵੀਟ ਵਿਚ ਕਿਹਾ, “ਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਤਾਂ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀ ਸੰਸਥਾਗਤ ਅਖੰਡਤਾ ਨੂੰ ਲਗਾਤਾਰ ਲੱਗਾ ਖੋਰਾ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ।” ਉਨ੍ਹਾਂ ਕਿਹਾ, “ਸਾਡਾ ਭਾਰਤੀ ਚੋਣ ਕਮਿਸ਼ਨ ਅਤੇ ਸਾਡਾ ਸੰਸਦੀ ਲੋਕਤੰਤਰ, ਦਹਾਕਿਆਂ ਤੋਂ ਵਿਆਪਕ ਸ਼ੰਕਿਆਂ ਦੇ ਬਾਵਜੂਦ, ਨਿਰਪੱਖ, ਆਜ਼ਾਦ ਅਤੇ ਵਿਸ਼ਵ ਪੱਧਰ ‘ਤੇ ਮਿਸਾਲੀ ਆਦਰਸ਼ ਸਾਬਤ ਹੋਇਆ।”
ਗ਼ੌਰਤਲਬ ਹੈ ਕਿ ਭਾਰਤ ਦੇ ਗਣਤੰਤਰ ਬਣਨ ਤੋਂ ਇੱਕ ਦਿਨ ਪਹਿਲਾਂ 25 ਜਨਵਰੀ, 1950 ਨੂੰ ਚੋਣ ਕਮਿਸ਼ਨ (EC) ਦੀ ਸਥਾਪਨਾ ਦੇ ਮੱਦੇਨਜ਼ਰ ਪਿਛਲੇ 15 ਸਾਲਾਂ ਤੋਂ ਕੌਮੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਖੜਗੇ ਨੇ ਕਿਹਾ, ‘‘ਸਾਡੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਆਧਾਰ ‘ਤੇ ਸੰਵਿਧਾਨਕ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸਾਡੇ ਅਦਾਰਿਆਂ ਦੀ ਆਜ਼ਾਦੀ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੈ।”
ਇਸੇ ਤਰ੍ਹਾਂ X ‘ਤੇ ਇੱਕ ਹੋਰ ਪੋਸਟ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ, “ਅੱਜ ਬਹੁਤ ਸਾਰੀਆਂ ਸਵੈ-ਵਧਾਈਆਂ ਦਿੱਤੀਆਂ ਜਾਣਗੀਆਂ ਪਰ ਇਸ ਨਾਲ ਇਹ ਤੱਥ ਨਹੀਂ ਛੁਪੇਗਾ ਕਿ ਚੋਣ ਕਮਿਸ਼ਨ ਜਿਵੇਂ ਕੰਮ ਕਰ ਰਿਹਾ ਹੈ, ਉਹ ਨਾ ਸੰਵਿਧਾਨ ਦਾ ਮਜ਼ਾਕ ਰਿਹਾ ਹੈ, ਸਗੋਂ ਵੋਟਰਾਂ ਦਾ ਅਪਮਾਨ ਵੀ ਹੈ।”
ਰਮੇਸ਼ ਨੇ ਕਿਹਾ, “ਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਸਾਡੇ ਲਈ ਇਹ ਯਾਦ ਰੱਖਣਾ ਸਿੱਖਿਆਦਾਇਕ ਹੈ ਕਿ ਆਰਐਸਐਸ ਦੇ ਹਫਤਾਵਾਰੀ ਪਰਚੇ ‘ਆਰਗੇਨਾਈਜ਼ਰ’ ਨੇ 7 ਜਨਵਰੀ, 1952 ਨੂੰ ਪਹਿਲੀਆਂ ਆਮ ਚੋਣਾਂ ਦੇ ਦੌਰਾਨ ਕੀ ਲਿਖਿਆ ਸੀ। ਇਸ ਨੇ ਉਮੀਦ ਕੀਤੀ ਸੀ ਕਿ ਜਵਾਹਰ ਲਾਲ ਨਹਿਰੂ ‘ਭਾਰਤ ਵਿੱਚ ਸਰਵਵਿਆਪੀ ਬਾਲਗ ਵੋਟ ਅਧਿਕਾਰ ਦੀ ਅਸਫਲਤਾ ਨੂੰ ਸਵੀਕਾਰ ਕਰਨ’ ਲਈ ਜੀਉਂਦੇ ਰਹਿਣਗੇ।”