ਕਟੜਾ : ਮੌਸਮ ਵਿਚ ਹਰ ਰੋਜ਼ ਆ ਰਹੀ ਤਬਦੀਲੀ ਦੇ ਬਾਵਜੂਦ ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਇਸ ਵਰ੍ਹੇ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ 58 ਲੱਖ ਤੋਂ ਵੱਧ ਸ਼ਰਧਾਲੂ, ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਚੁੱਕੇ ਹਨ। ਇਹ ਗਿਣਤੀ ਲੰਘੇ ਵਰ੍ਹੇ ਦੀ ਇਸੇ ਮਿਆਦ ਤੋਂ 3 ਲੱਖ 16 ਹਜ਼ਾਰ ਵੱਧ ਹੈ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਜੇ ਸਭ ਕੁਝ ਸਹੀ ਰਿਹਾ ਤਾਂ ਇਸ ਵਰ੍ਹੇ ਸ਼ਰਧਾਲੂਆਂ ਦਾ ਅੰਕੜਾ ਇਕ ਕਰੋੜ ਨੂੰ ਛੋਹ ਸਕਦਾ ਹੈ।
ਸ਼੍ਰਾਈਨ ਬੋਰਡ ਦੇ ਅਫ਼ਸਰਾਂ ਮੁਤਾਬਕ 31 ਜੁਲਾਈ ਤੱਕ 58,20,228 ਸ਼ਰਧਾਲੂਆਂ ਯਾਤਰਾ ’ਤੇ ਪੁੱਜੇ ਹਨ। ਉਥੇ ਪਿਛਲੇ ਵਰ੍ਹੇ ਇਸੇ ਮਿਆਦ ਦੌਰਾਨ 55,03,995 ਸ਼ਰਧਾਲੂ ਮਾਂ ਦੇ ਦਰਬਾਰ ਵਿਚ ਹਾਜ਼ਰੀ ਲਾਉਣ ਪਹੁੰਚੇ ਸਨ। ਨਵੇਂ ਵਰ੍ਹੇ ਤੋਂ ਸ਼ਰਧਾਲੂਆਂ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਪਹਾੜਾਂ ’ਤੇ ਮੀਂਹ ਪੈਣ ਤੇ ਕੁਝ ਸੂਬਿਆਂ ਵਿਚ ਹੜ੍ਹ ਦੇ ਹਾਲਾਤ ਬਣਨ ਕਾਰਨ ਇਸ ਵਰ੍ਹੇ ਜੁਲਾਈ ਮਹੀਨੇ ਦੌਰਾਨ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਸ਼ਰਧਾਲੂ ਮਾਂ ਦੇ ਦਰਬਾਰ ਪੁੱਜੇ ਸਨ।