ਪਟਿਆਲਾ: ਪਟਿਆਲਾ ਵਿਖੇ ਇੱਕ ਕਾਰ ਉੱਪਰ ਸਰਕਾਰੀ ਦਫ਼ਤਰ ਦੀ ਕੰਧ ਡਿੱਗਣ ਨਾਲ ਕਾਰ ਬੁਰੀ ਤਰਾਂ ਨੁਕਸਾਨੀ ਗਈ।
ਜਾਣਕਾਰੀ ਮੁਤਾਬਕ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦੇ ਨੇੜੇ ਸਥਿਤ ਵਣ ਮੰਡਲ (ਵਿਸਥਾਰ) ਪਟਿਆਲਾ ਦੇ ਦਫ਼ਤਰ ਦੇ ਬਾਹਰ ਇੱਕ ਕਾਰ ਖੜੀ ਸੀ। ਦੁਪਹਿਰ ਕਰੀਬ ਇੱਕ ਵਜੇ ਦਫ਼ਤਰ ਦੀ ਕੰਧ ਤੇਜ਼ ਹਵਾ ਕਾਰਨ ਸੜਕ ਵੱਲ ਡਿੱਗ ਪਈ, ਜਿਸ ਨਾਲ ਕੰਧ ਕੋਲ ਖੜੀ ਕਾਰ ਬੁਰੀ ਤਰਾਂ ਨੁਕਸਾਨੀ ਗਈ। ਕਾਰ ਕਿਸੇ ਪੁਲਸ ਮੁਲਾਜ਼ਮ ਦੀ ਦੱਸੀ ਜਾਂਦੀ ਹੈ। ਇਸ ਦਫ਼ਤਰ ਦੇ ਨਾਲ ਹੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦਾ ਦਫ਼ਤਰ ਵੀ ਹੈ, ਜਿਸ ਕਾਰਨ ਇਸ ਕੰਧ ਦੇ ਨਾਲ ਅਕਸਰ ਕਈ ਕਾਰਾਂ ਖੜੀਆਂ ਰਹਿੰਦੀਆਂ ਸਨ। ਖੁਸ਼ਕਿਸਮਤੀ ਨਾਲ ਅੱਜ ਕੇਵਲ ਇੱਕ ਹੀ ਕਾਰ ਖੜੀ ਸੀ। ਇਸ ਤੋਂ ਇਲਾਵਾ ਇਸ ਕੰਧ ਦੇ ਨਾਲ ਢਾਬੇ ਤੇ ਚਾਹ ਦੀ ਦੁਕਾਨਾਂ ਵੀ ਹਨ, ਜਿੱਥੇ ਦੁਪਹਿਰ ਸਮੇੰ ਕਾਫ਼ੀ ਲੋਕ ਚਾਹ-ਪਾਣੀ ਅਤੇ ਭੋਜਨ ਛਕਦੇ ਹਨ। ਜੇਕਰ ਦੀਵਾਰ ਦੀ ਵਧੀਆ ਮੁਰੰਮਤ ਨਾ ਹੋਈ ਤਾਂ ਢਾਬਿਆਂ ਵਾਲੇ ਪਾਸੇ ਦੀ ਦੀਵਾਰ ਵੀ ਡਿੱਗਕੇ ਕੋਈ ਜਾਨੀ ਨੁਕਸਾਨ ਕਰ ਸਕਦੀ ਹੈ।