ਨਵੀਂ ਦਿੱਲੀ: ਅਦਾਕਾਰ ਪ੍ਰਤੀਕ ਬੱਬਰ ਅਤੇ ਪ੍ਰਿਆ ਬੈਨਰਜੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅਦਾਕਾਰ ਨੇ ਇਸ ਸਬੰਧੀ ਜਾਣਕਾਰੀ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਦਿੱਤੀ ਹੈ। ਉਸ ਨੇ ਵਿਆਹ ਦੀਆਂ ਕੁਝ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਤੀਕ ਅਦਾਕਾਰ ਰਾਜ ਬੱਬਰ ਅਤੇ ਅਦਾਕਾਰਾ ਮਰਹੂਮ ਸਮਿਤਾ ਪਾਟਿਲ ਦਾ ਪੁੱਤਰ ਹੈ। ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਅਦਾਕਾਰ ਨੇ ਪ੍ਰਿਆ ਨੂੰ ਟੈਗ ਕਰਦਿਆਂ ਲਿਖਿਆ ਹੈ ਕਿ ਸਾਡਾ ਜਨਮਾਂ ਦਾ ਸਾਥਾ ਹੈ। ਪੋਸਟ ਨੂੰ ਪ੍ਰਿਆ ਨੇ ਵੀ ਸਾਂਝਾ ਕੀਤਾ ਹੈ। ਇਸ ਜੋੜੇ ਨੇ ਆਪਣੇ ਵਿਆਹ ਲਈ ਡਿਜ਼ਾਈਨਰ ਤਰੁਣ ਤਾਹਲਿਆਨੀ ਵੱਲੋਂ ਤਿਆਰ ਕੀਤੇ ਕੱਪੜੇ ਪਹਿਨੇ ਸਨ। ਇਸ ਦੌਰਾਨ ਪ੍ਰਤੀਕ ਨੇ ਸ਼ੇਰਵਾਨੀ ਅਤੇ ਧੋਤੀ ਪਹਿਨੀ ਹੋਈ ਸੀ ਅਤੇ ਉਸੇ ਰੰਗ ਦੀ ਪੱਗ ਵੀ ਬੰਨ੍ਹੀ ਜਦੋਂਕਿ ਪ੍ਰਿਆ ਨੇ ਮੋਤੀਆਂ ਅਤੇ ਮਣਕਿਆਂ ਨਾਲ ਸਜਾਇਆ ਫਿਸ਼ਟੇਲ ਲਹਿੰਗਾ ਪਾਇਆ। ਬੱਬਰ ਨੂੰ ‘ਜਾਨੇ ਤੂ… ਯਾ ਜਾਨੇ ਨਾ’, ‘ਦਮ ਮਾਰੋ ਦਮ’ ਅਤੇ ‘ਛਿਛੋਰੇ’ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਦੋਵੇਂ ਸਾਲ 2022 ਵਿੱਚ ਇੱਕ ਦੂਜੇ ਦੇ ਨੇੜੇ ਆਏ ਸਨ ਅਤੇ ਇਸ ਮਗਰੋਂ ਉਨ੍ਹਾਂ ਨੇ ਮੰਗਣੀ ਕਰ ਲਈ ਸੀ।