ਚੰਡੀਗੜ੍ਹ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ ਸੱਤ ਕਾਰੋਬਾਰੀ ਦਿਨਾਂ ਵਿੱਚ ਸੋਨਾ ਲਗਪਗ 12 ਹਜ਼ਾਰ ਰੁਪਏ ਅਤੇ ਚਾਂਦੀ ਕਰੀਬ 24 ਹਜ਼ਾਰ ਰੁਪਏ ਸਸਤੀ ਹੋ ਚੁੱਕੀ ਹੈ। ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ ਵੀਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਪਿੱਛੇ 1,179 ਰੁਪਏ ਘਟ ਕੇ 1.30 ਲੱਖ ਰੁਪਏ ਤੋਂ ਹੇਠਾਂ ਆ ਗਈ। ਇਸੇ ਤਰ੍ਹਾਂ ਇੱਕ ਕਿਲੋ ਚਾਂਦੀ ਦਾ ਭਾਅ 2,158 ਰੁਪਏ ਡਿੱਗ ਕੇ 1.62 ਲੱਖ ਰੁਪਏ ਰਹਿ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਉੱਚੀਆਂ ਕੀਮਤਾਂ ’ਤੇ ਵੱਡੇ ਨਿਵੇਸ਼ਕਾਂ ਵੱਲੋਂ ਸੋਨੇ ਤੇ ਚਾਂਦੀ ਦੀ ਵਿਕਰੀ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਰਿਕਾਰਡ ਪੱਧਰ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ- ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀ ਕੀਮਤ 31 ਦਸੰਬਰ 2025 ਨੂੰ 2.30 ਲੱਖ ਰੁਪਏ ਪ੍ਰਤੀ ਕਿਲੋ ਸੀ, ਜੋ 29 ਜਨਵਰੀ ਨੂੰ ਵਧ ਕੇ 3.80 ਲੱਖ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਕੀਮਤ ਵਿੱਚ 2.18 ਲੱਖ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ 31 ਦਸੰਬਰ 2025 ਨੂੰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 1.33 ਲੱਖ ਰੁਪਏ ਸੀ, ਜੋ 29 ਜਨਵਰੀ ਨੂੰ ਵਧ ਕੇ 1.76 ਲੱਖ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਕਰੀਬ 46 ਹਜ਼ਾਰ ਰੁਪਏ ਦੀ ਕਮੀ ਆ ਚੁੱਕੀ ਹੈ।
ਡਾਲਰ ਦੀ ਮਜ਼ਬੂਤੀ ਅਤੇ ਮੁਨਾਫ਼ਾ ਵਸੂਲੀ ਨੇ ਘਟਾਏ ਭਾਅ- ਸੋਨੇ ਦੀਆਂ ਕੀਮਤਾਂ ਡਿੱਗਣ ਦੇ ਤਿੰਨ ਮੁੱਖ ਕਾਰਨ ਹਨ। ਪਹਿਲਾ, ਅਮਰੀਕੀ ਡਾਲਰ ਮਜ਼ਬੂਤ ਹੋਣ ਨਾਲ ਹੋਰਨਾਂ ਦੇਸ਼ਾਂ ਦੇ ਖ਼ਰੀਦਦਾਰਾਂ ਲਈ ਸੋਨਾ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਮੰਗ ਪ੍ਰਭਾਵਿਤ ਹੁੰਦੀ ਹੈ। ਦੂਜਾ, ਅਮਰੀਕਾ ਵਿੱਚ ਵਿਆਜ ਦਰਾਂ ਉੱਚੀਆਂ ਰਹਿਣ ਕਾਰਨ ਨਿਵੇਸ਼ਕ ਸੋਨੇ ਦੀ ਥਾਂ ਬਾਂਡਾਂ ਅਤੇ ਬੈਂਕ ਜਮ੍ਹਾਂ ਵਿੱਚ ਪੈਸਾ ਲਾਉਣ ਨੂੰ ਤਰਜੀਹ ਦਿੰਦੇ ਹਨ। ਤੀਜਾ, ਰਿਕਾਰਡ ਕੀਮਤਾਂ ’ਤੇ ਪਹੁੰਚਣ ਮਗਰੋਂ ਵੱਡੇ ਨਿਵੇਸ਼ਕ ਮੁਨਾਫ਼ਾ ਕਮਾਉਣ ਲਈ ਸੋਨਾ ਵੇਚ ਰਹੇ ਹਨ। ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਪਿੱਛੇ ਉਦਯੋਗਿਕ ਮੰਗ ਵਿੱਚ ਕਮੀ, ਕੌਮਾਂਤਰੀ ਬਾਜ਼ਾਰ ਵਿੱਚ ਸਪਲਾਈ ਵਧਣ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ। ਇਲੈਕਟ੍ਰਾਨਿਕਸ, ਸੂਰਜੀ ਊਰਜਾ ਪੈਨਲਾਂ ਅਤੇ ਉਦਯੋਗਾਂ ਵਿੱਚ ਚਾਂਦੀ ਦੀ ਵਰਤੋਂ ਹੁੰਦੀ ਹੈ। ਇਨ੍ਹਾਂ ਖੇਤਰਾਂ ਵਿੱਚ ਮੰਗ ਕਮਜ਼ੋਰ ਹੋਣ ਨਾਲ ਇਸ ਦੇ ਭਾਅ ’ਤੇ ਦਬਾਅ ਪੈਂਦਾ ਹੈ।
ਮਾਹਿਰ ਦੀ ਸਲਾਹ: ਇਕੱਠਾ ਪੈਸਾ ਲਾਉਣ ਦੀ ਥਾਂ ਕਿਸ਼ਤਾਂ ਵਿੱਚ ਖ਼ਰੀਦੋ- ਕਮੋਡਿਟੀ ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਅਤੇ ਚਾਂਦੀ ਦੀ ਖ਼ਰੀਦਦਾਰੀ ਇੱਕੋ ਵਾਰ ਕਰਨ ਦੀ ਥਾਂ ਕਿਸ਼ਤਾਂ ਵਿੱਚ ਕਰਨੀ ਚਾਹੀਦੀ ਹੈ। ਕੁਝ ਖ਼ਰੀਦਦਾਰੀ ਹੁਣ ਕੀਤੀ ਜਾ ਸਕਦੀ ਹੈ ਅਤੇ ਬਾਕੀ ਇਕ ਮਹੀਨੇ ਦੇ ਵਕਫ਼ੇ ਨਾਲ ਕੀਤੀ ਜਾਵੇ। ਨਿਵੇਸ਼ਕਾਂ ਨੂੰ ਇੱਕ-ਦੋ ਮਹੀਨਿਆਂ ਦੀ ਥਾਂ ਛੇ ਮਹੀਨੇ ਤੋਂ ਇੱਕ ਸਾਲ ਤੱਕ ਦਾ ਨਜ਼ਰੀਆ ਰੱਖਣਾ ਚਾਹੀਦਾ ਹੈ।
ਸੋਨਾ ਖ਼ਰੀਦਣ ਸਮੇਂ ਹਾਲਮਾਰਕ ਜ਼ਰੂਰ ਦੇਖੋ- ਗਹਿਣੇ ਖ਼ਰੀਦਣ ਸਮੇਂ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਦਾ ਹਾਲਮਾਰਕ ਲੱਗਿਆ ਸੋਨਾ ਹੀ ਖ਼ਰੀਦਣਾ ਚਾਹੀਦਾ ਹੈ। ਹਾਲਮਾਰਕ ਰਾਹੀਂ ਸੋਨੇ ਦੀ ਸ਼ੁੱਧਤਾ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਖ਼ਰੀਦਦਾਰੀ ਵਾਲੇ ਦਿਨ ਸੋਨੇ ਦਾ ਭਾਅ ਆਈਬੀਜੇਏ ਸਮੇਤ ਭਰੋਸੇਯੋਗ ਸਰੋਤਾਂ ਤੋਂ ਜਾਂਚ ਲੈਣਾ ਚਾਹੀਦਾ ਹੈ। 24, 22 ਅਤੇ 18 ਕੈਰੇਟ ਸੋਨੇ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ।
