ਜਲੰਧਰ- ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਦੀ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਦਿਨ ਨੂੰ ਪੰਜਾਬ ਤੇ ਪੂਰੇ ਦੇਸ਼ ਲਈ ਇਤਿਹਾਸਕ ਤੇ ਭਾਗਾਂ ਭਰਿਆ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਜਨਮ ਸਮੇਂ ਸਮਾਜ ਵਿੱਚ ਛੂਤ-ਛਾਤ, ਜਾਤ-ਪਾਤ ਤੇ ਊਚ-ਨੀਚ ਦਾ ਹਨੇਰਾ ਫੈਲਿਆ ਹੋਇਆ ਸੀ, ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਰਾਹੀਂ ਬਰਾਬਰੀ, ਭਾਈਚਾਰੇ ਤੇ ਆਪਸੀ ਪਿਆਰ ਦਾ ਰਾਹ ਦਿਖਾਇਆ। ਗੁਰੂ ਜੀ ਦੇ 40 ਸ਼ਬਦ ਤੇ 1 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਉਨ੍ਹਾਂ ਨੇ “ਬੇਗਮਪੁਰਾ” ਦਾ ਸੰਕਲਪ ਦਿੱਤਾ, ਯਾਨੀ ਅਜਿਹਾ ਸ਼ਹਿਰ ਜਿੱਥੇ ਕਿਸੇ ਨੂੰ ਕੋਈ ਦੁੱਖ, ਚਿੰਤਾ, ਡਰ ਜਾਂ ਵਿਤਕਰਾ ਨਾ ਹੋਵੇ, ਅਤੇ ਹੱਥੀਂ ਕਿਰਤ ਕਰਨ ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਾਤਰਾ ਸਿਆਸੀ ਨਹੀਂ, ਸਗੋਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਵਿੱਚ ਆਪਸੀ ਸਾਂਝ ਤੇ ਪਿਆਰ ਵਧਾਉਣ ਦਾ ਇੱਕ ਉਪਰਾਲਾ ਹੈ।
ਯਾਤਰਾ ਅਗਲੇ ਪੰਜ ਦਿਨ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਲੰਘੇਗੀ। ਪੰਜਾਬ ਤੋਂ ਬਾਅਦ ਇਹ ਦੇਸ਼ ਦੇ ਹੋਰ ਸੂਬਿਆਂ ਵਿੱਚੋਂ ਹੁੰਦੀ ਹੋਈ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ, ਵਾਰਾਨਸੀ ਵਿਖੇ ਸਮਾਪਤ ਹੋਵੇਗੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਤਮਸਤਕ ਹੋਣਗੇ।
ਢਿੱਲੋਂ ਨੇ ਯਾਦ ਕਰਵਾਇਆ ਕਿ ਇਸ ਤੋਂ ਪਹਿਲਾਂ ਭਾਜਪਾ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਕਲਸ਼ ਯਾਤਰਾ’ ਕੱਢੀ ਗਈ ਸੀ, ਜਿਸ ਰਾਹੀਂ ਜਨਮ ਅਸਥਾਨ ਦੀ ਪਵਿੱਤਰ ਮਿੱਟੀ ਪੰਜਾਬ ਤੇ ਦੇਸ਼ ਦੇ ਘਰ-ਘਰ ਪਹੁੰਚਾਈ ਗਈ ਸੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੰਗਤ ਇਸ ਯਾਤਰਾ ਵਿੱਚ ਵੀ ਪਹਿਲਾਂ ਵਾਂਗ ਵਧ-ਚੜ੍ਹ ਕੇ ਹਿੱਸਾ ਲਵੇਗੀ। ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ “ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਤੇ ਸਭ ਕਾ ਪ੍ਰਯਾਸ” ਦੇ ਸਿਧਾਂਤ ‘ਤੇ ਕੰਮ ਕਰ ਰਹੇ ਹਨ ਅਤੇ ਗਰੀਬਾਂ ਲਈ ਪੱਕੇ ਘਰ, ਮੁਫ਼ਤ ਰਾਸ਼ਨ ਤੇ ਇਲਾਜ ਦੀਆਂ ਸਹੂਲਤਾਂ ਵਰਗੀਆਂ ਯੋਜਨਾਵਾਂ ਦੀ ਪ੍ਰੇਰਨਾ ‘ਬੇਗਮਪੁਰਾ’ ਦੇ ਸੰਕਲਪ ਤੋਂ ਮਿਲਦੀ ਹੈ।
ਗੁਰੂ ਸਾਹਿਬ ਦੇ ਸਤਿਕਾਰ ਵਿੱਚ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਵਾਰਾਨਸੀ ਵਿਖੇ ਜਨਮ ਅਸਥਾਨ ਦੇ ਸੁੰਦਰੀਕਰਨ ਤੇ ਵਿਕਾਸ ਕੰਮਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ, ਜਿੱਥੇ ਗੁਰੂ ਜੀ ਦੀ ਵਿਸ਼ਾਲ ਮੂਰਤੀ, ਮਿਊਜ਼ੀਅਮ, ਲੰਗਰ ਹਾਲ ਤੇ ਸੰਗਤਾਂ ਲਈ ਸਹੂਲਤਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੰਗਤਾਂ ਲਈ ਸਪੈਸ਼ਲ ਰੇਲ ਗੱਡੀਆਂ ਚਲਾਉਣ ਤੋਂ ਲੈ ਕੇ ਗੁਰੂ ਜੀ ਦੀ ਵਿਚਾਰਧਾਰਾ ‘ਤੇ ਖੋਜ ਕੇਂਦਰ ਬਣਾਉਣ ਤੱਕ ਦੇ ਕੰਮ ਕੀਤੇ ਗਏ ਹਨ। ਆਦਮਪੁਰਾ ਦੇ ਏਅਰਪੋਰਟ ਦਾ ਨਾਮ ਵੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ।
ਢਿੱਲੋਂ ਨੇ ਸਮੂਹ ਸੰਗਤ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਲ-ਮਿਲ ਕੇ ਯਾਤਰਾ ਨੂੰ ਕਾਮਯਾਬ ਬਣਾਉਣ ਅਤੇ ਪਿਆਰ, ਏਕਤਾ ਤੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ।
