ਪਟਿਆਲਾ- ਸ਼ਹਿਰ ਦੇ ਪ੍ਰਮੁੱਖ ਸਮਾਜਿਕ ਕਾਰਕੁਨਾਂ ਵਿੱਚ ਸ਼ੁਮਾਰ ਵਣ ਵਿਭਾਗ ਦੇ ਕਰਮਚਾਰੀ ਅਮਨ ਅਰੋੜਾਤਰੱਕੀ ਉਪਰੰਤ ਵਣ ਬਲਾਕ ਅਫ਼ਸਰ ਬਣ ਗਏ ਹਨ। ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਆਈਐਫ਼ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਣਪਾਲ, ਸਾਊਥ ਸਰਕਲ ਵਿਸ਼ਾਲ ਚੌਹਾਨ, ਆਈਐਫ਼ਐਸ ਵੱਲੋਂ ਉਨ੍ਹਾਂ ਦੀ ਤਰੱਕੀ ਸਬੰਧੀ ਹੁਕਮ ਜਾਰੀ ਕੀਤੇ ਗਏ।
ਤਰੱਕੀ ਉਪਰੰਤ ਅਮਨ ਅਰੋੜਾ ਨੇ ਵਣ ਮੰਡਲ ਅਫ਼ਸਰ ਪਟਿਆਲਾ ਸਤਿੰਦਰ ਸਿੰਘ, ਪੀਐਫ਼ਐਸ ਦੇ ਅਧੀਨ ਅਤੇਵਣ ਰੇਂਜ ਅਫ਼ਸਰ ਗੁਰਿੰਦਰ ਸਿੰਘ ਵੜੈਚ ਦੀ ਅਗਵਾਈ ਹੇਠ ਆਪਣਾ ਅਹੁਦਾ ਸੰਭਾਲ ਲਿਆ ਹੈ।
ਸਰਕਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਬੀੜ ਮੋਤੀ ਬਾਗ ਬਲਾਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜ਼ਿਕਰਯੋਗ ਹੈ ਕਿ ਅਮਨ ਅਰੋੜਾ ਨੂੰ ਪੰਜਾਬ ਸਰਕਾਰ ਵੱਲੋਂ ਦੋ ਵਾਰ ਜ਼ਿਲ੍ਹਾ ਪੱਧਰੀ ਸਨਮਾਨ ਨਾਲ ਨਿਵਾਜਿਆ ਜਾ ਚੁੱਕਾ ਹੈ।ਉਹ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਵਾਤਾਵਰਨ, ਕਲਾ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ।
ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦਾ ਇੱਕ ਵਿਸ਼ੇਸ਼ ਉਪਰਾਲਾ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਵਿਅਕਤੀਆਂ ਦੀਹੌਸਲਾ-ਅਫ਼ਜ਼ਾਈ ਕਰਨਾ ਅਤੇ ਉਨ੍ਹਾਂ ਨੂੰ ਆਤਮ-ਹੱਤਿਆ ਵਰਗਾ ਕਦਮ ਚੁੱਕਣ ਤੋਂ ਰੋਕਣ ਲਈ ਸਹਿਯੋਗ ਦੇਣਾ ਹੈ।ਇਸ ਕਾਰਜ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਮਿਸ਼ਨ ਬਣਾਇਆ ਹੋਇਆ ਹੈ। ਇਸ ਦੌਰਾਨ ਉਹ ਸਬੰਧਤ ਵਿਅਕਤੀਆਂ ਦੀ ਨਿੱਜਤਾ ਅਤੇ ਪਛਾਣ ਗੁਪਤ ਰੱਖਣ ਦਾ ਵਿਸ਼ੇਸ਼ ਧਿਆਨ ਵੀ ਰੱਖਦੇ ਹਨ। ਉਹ ਹਿੰਦੂ-ਸਿੱਖ ਏਕਤਾ ਦੇ ਮੁੱਦਈ ਵਜੋਂ ਵੀ ਜਾਣੇ ਜਾਂਦੇ ਹਨ।
ਇਸ ਤੋਂ ਇਲਾਵਾ ਉਹ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਇਹ ਸੰਸਥਾ ਇੰਟਰਨੈੱਟ ਅਤੇ ਡਿਜੀਟਲਪਲੇਟਫ਼ਾਰਮਾਂ ‘ਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹੈ।
ਉਹ ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ, ਪਬਲਿਕ ਹੈਲਪ ਫਾਊਂਡੇਸ਼ਨ, ਡਾ. ਅੰਬੇਡਕਰ-ਸ਼ਹੀਦ ਭਗਤ ਸਿੰਘ ਡੈਮੋਕ੍ਰੇਟਿਕ ਇੰਪਲਾਈਜ਼ ਐਸੋਸੀਏਸ਼ਨ, ਸਵਪਨ ਫਾਊਂਡੇਸ਼ਨ, ਮਾਤ ਭਾਸ਼ਾ ਜਾਗਰੂਕਤਾ ਮੰਚ ਸਮੇਤ ਹੋਰ ਅਨੇਕ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਤਰੱਕੀ ਉਪਰੰਤ ਅਮਨ ਅਰੋੜਾ ਨੇ ਆਪਣੇ ਗੁਰੂ ਆਦਿ ਯੋਗੀ ਸ਼ਿਵ ਸ਼ੰਕਰ ਮਹਾਦੇਵ ਅਤੇ ਸਰਪ੍ਰਸਤ ਗੁਰੂ ਤੇਗ਼ ਬਹਾਦਰ ਸਾਹਿਬ ਦਾ ਧੰਨਵਾਦ ਕੀਤਾ।
