November 14, 2026
ਅੰਤਰਰਾਸ਼ਟਰੀਖਾਸ ਖ਼ਬਰ

ਓਨਟਾਰੀਓ ‘ਚ ਬੱਸ ਸਫ਼ਰ ਦੌਰਾਨ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਬੀਅਰ ਡੋਲ੍ਹਣ ਤੇ ਕੁੱਟਮਾਰ ਮਾਮਲੇ ’ਚ 3 ਗ੍ਰਿਫ਼ਤਾਰ

ਓਨਟਾਰੀਓ 'ਚ ਬੱਸ ਸਫ਼ਰ ਦੌਰਾਨ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਬੀਅਰ ਡੋਲ੍ਹਣ ਤੇ ਕੁੱਟਮਾਰ ਮਾਮਲੇ ’ਚ 3 ਗ੍ਰਿਫ਼ਤਾਰ

ਓਨਟਾਰੀਓ-  ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬੈਰੀ (Barrie) ਸ਼ਹਿਰ ਵਿੱਚ ਜਨਤਕ ਬੱਸਾਂ ਵਿੱਚ ਦੋ ਯਾਤਰੀਆਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇੱਕ 22 ਸਾਲਾ ਸਿੱਖ ਨੌਜਵਾਨ ਵੀ ਸ਼ਾਮਲ ਹੈ, ਜਿਸ ਦੀ ਦਸਤਾਰ ਉਤਾਰ ਦਿੱਤੀ ਗਈ ਅਤੇ ਉਸ ‘ਤੇ ਬੀਅਰ ਡੋਲ੍ਹੀ ਗਈ। ਬੈਰੀ ਪੁਲੀਸ ਅਨੁਸਾਰ ਇਹ ਘਟਨਾ 8 ਨਵੰਬਰ ਨੂੰ ਵਾਪਰੀ ਜਦੋਂ 16, 18 ਅਤੇ 19 ਸਾਲ ਦੀ ਉਮਰ ਦੇ ਮੁਲਜ਼ਮਾਂ ਨੇ ਇੱਕ ਘੰਟੇ ਦੇ ਅੰਦਰ-ਅੰਦਰ ਵੱਖ-ਵੱਖ ਬੱਸਾਂ ਵਿੱਚ ਦੋ ਵਿਅਕਤੀਆਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਇਆ। ਪਹਿਲੀ ਘਟਨਾ ਵਿੱਚ ਸ਼ਾਮ ਕਰੀਬ 7:15 ਵਜੇ, ਤਿੰਨਾਂ ਨੇ ਐਸਾ ਰੋਡ (Essa Road) ਨੇੜੇ ਇੱਕ ਬੱਸ ਵਿੱਚ 26 ਸਾਲਾ ਯਾਤਰੀ ਨੂੰ ਕਥਿਤ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ।

ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਅਪਮਾਨਜਨਕ ਟਿੱਪਣੀਆਂ ਕਰਦਿਆਂ ਉਸ ਨੂੰ ਧੱਕਾ ਦਿੱਤਾ ਅਤੇ ਥੱਪੜ ਮਾਰੇ। ਜਦੋਂ ਉਹ ਵਿਅਕਤੀ ਮਦਦ ਲਈ ਡਰਾਈਵਰ ਕੋਲ ਗਿਆ, ਤਾਂ ਕਿਸ਼ੋਰਾਂ ਨੇ ਕਥਿਤ ਤੌਰ ‘ਤੇ ਉਸ ਨੂੰ ਬੱਸ ਤੋਂ ਹੇਠਾਂ ਧੱਕਾ ਦੇ ਦਿੱਤਾ ਅਤੇ ਫ਼ਰਾਰ ਹੋ ਗਏ। ਰਾਤ ਕਰੀਬ 8:30 ਵਜੇ, ਇਸੇ ਸਮੂਹ ਨੇ ਯੋਂਗ ਸਟਰੀਟ (Yonge Street) ‘ਤੇ ਇੱਕ ਹੋਰ ਬੱਸ ਵਿੱਚ 22 ਸਾਲਾ ਯਾਤਰੀ ਕੋਲ ਪਹੁੰਚ ਕੀਤੀ। ਕਿਸ਼ੋਰਾਂ ਵਿੱਚੋਂ ਇੱਕ ਨੇ ਕਥਿਤ ਤੌਰ ‘ਤੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ‘ਤੇ ਬੀਅਰ ਡੋਲ੍ਹ ਦਿੱਤੀ।

ਜਦੋਂ ਪੀੜਤ ਨੇ ਪੁਲੀਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਵਿੱਚੋਂ ਇੱਕ ਨੇ ਉਸ ਦਾ ਫ਼ੋਨ ਜ਼ਮੀਨ ‘ਤੇ ਸੁੱਟ ਦਿੱਤਾ। ਜਦੋਂ ਉਸ ਨੇ ਬੱਸ ਡਰਾਈਵਰ ਤੋਂ ਮਦਦ ਮੰਗੀ, ਤਾਂ ਦੋ ਕਿਸ਼ੋਰਾਂ ਨੇ ਕਥਿਤ ਤੌਰ ‘ਤੇ ਉਸ ਨੂੰ ਫੜ ਲਿਆ ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ‘ਤੇ ਮੁੱਕੇ ਮਾਰੇ। ਇਸ ਤੋਂ ਬਾਅਦ ਮੁਲਜ਼ਮ ਇੱਕ ਟੈਕਸੀ ਵਿੱਚ ਫ਼ਰਾਰ ਹੋ ਗਏ। ਪੁਲੀਸ ਨੇ ਅੱਧੇ ਘੰਟੇ ਦੇ ਅੰਦਰ ਵਾਹਨ ਦਾ ਪਤਾ ਲਗਾ ਲਿਆ ਅਤੇ ਤਿੰਨਾਂ ਕਿਸ਼ੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਰੇਕ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਦੋਸ਼ ਲਗਾਏ ਗਏ ਹਨ। ਪੁਲੀਸ ਨੇ ਮੁਲਜ਼ਮਾਂ ਜਾਂ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਦੋਵਾਂ ਯਾਤਰੀਆਂ ਵਿੱਚੋਂ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ।

ਹਿੰਦੂ ਸਿੱਖ ਯੂਨਿਟੀ ਫੋਰਮ ਕੈਨੇਡਾ ਨੇ 22 ਸਾਲਾ ਪੀੜਤ ਦੀ ਪਛਾਣ ਇੱਕ ਸਿੱਖ ਵਜੋਂ ਕੀਤੀ ਹੈ। ਓਨਟਾਰੀਓ ਦੇ ਨਾਗਰਿਕਤਾ ਅਤੇ ਬਹੁ-ਸੱਭਿਆਚਾਰਵਾਦ ਮੰਤਰੀ ਗ੍ਰਾਹਮ ਮੈਕਗ੍ਰੇਗਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦਸਤਾਰ ਨੂੰ ਨਿਸ਼ਾਨਾ ਬਣਾਉਣ ਨੂੰ ਧਾਰਮਿਕ ਆਜ਼ਾਦੀ ‘ਤੇ ਹਮਲਾ ਦੱਸਿਆ। ਉਨ੍ਹਾਂ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਲਿਖਿਆ, “ਦਸਤਾਰ ਆਸਥਾ ਦਾ ਇੱਕ ਪਵਿੱਤਰ ਚਿੰਨ੍ਹ ਹੈ। ਇਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਦੇ ਮਾਣ-ਸਨਮਾਨ ਅਤੇ ਧਾਰਮਿਕ ਆਜ਼ਾਦੀ ‘ਤੇ ਸ਼ਰੇਆਮ ਹਮਲਾ ਹੈ।” ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਵੀ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਇਕੱਲੀਆਂ-ਕਾਰੀਆਂ ਕਾਰਵਾਈਆਂ ਵਜੋਂ ਨਾ ਦੇਖਣ ਦੀ ਚੇਤਾਵਨੀ ਦਿੱਤੀ ਹੈ।

ਸੰਸਥਾ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਸਿੱਖਾਂ ਨੂੰ ਵਧਦੇ ਨਿਸ਼ਾਨਾ ਬਣਾਉਣ ਦੇ ਮਾਮਲਿਆਂ ਵੱਲ ਗੰਭੀਰ ਧਿਆਨ ਦੇਣ, ਜਵਾਬਦੇਹੀ ਤੈਅ ਕਰਨ ਅਤੇ ਸਿੱਖ ਕੈਨੇਡੀਅਨਾਂ ਦੀ ਸੁਰੱਖਿਅਤ ਰਹਿਣੀ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਦੀ ਲੋੜ ਹੈ।” ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਨੁਸਾਰ, ਦੇਸ਼ ਵਿੱਚ 7,71,790 ਸਿੱਖ ਵੱਸਦੇ ਹਨ, ਜੋ ਕਿ ਇਸ ਦੀ ਕੁੱਲ ਆਬਾਦੀ ਦਾ ਲਗਪਗ 2.1 ਫ਼ੀਸਦੀ ਹਨ। ਓਨਟਾਰੀਓ, ਜਿੱਥੇ ਬੈਰੀ ਸ਼ਹਿਰ ਸਥਿਤ ਹੈ, ਵਿੱਚ 3,00,000 ਤੋਂ ਵੱਧ ਸਿੱਖ ਰਹਿੰਦੇ ਹਨ। ਭਾਰਤ ਤੋਂ ਬਾਅਦ ਕੈਨੇਡਾ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਿੱਖ ਆਬਾਦੀ ਹੈ। ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ, ਦੋਵੇਂ ਬਾਲਗ ਮੁਲਜ਼ਮਾਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ, ਜਦਕਿ 16 ਸਾਲਾ ਨਾਬਾਲਗ ਨੂੰ ਤਿੰਨ ਸਾਲ ਤੱਕ ਯੂਥ ਕਸਟਡੀ (ਬਾਲ ਸੁਧਾਰ ਘਰ) ਦੀ ਸਜ਼ਾ ਹੋ ਸਕਦੀ ਹੈ।

Related posts

ਅੰਦਰੂਨੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ’ਤੇ ਧਿਆਨ ਦਿੱਤਾ ਜਾਵੇ: ਮੋਦੀ

Current Updates

NHAI ਠੇਕੇਦਾਰਾਂ ਨੂੰ ਹਾਈਵੇਅ ‘ਤੇ ਅਵਾਰਾ ਪਸ਼ੂਆਂ ਲਈ ਗਊਸ਼ਾਲਾਵਾਂ ਸਥਾਪਤ ਕਰਨ ਲਈ ਕਹਿ ਸਕਦਾ ਹੈ

Current Updates

ਈ ਡੀ ਵੱਲੋਂ ਆਈ ਏ ਐਸ ਅਧਿਕਾਰੀ Kanwal Preet Brar ਤੋਂ ਸਾਢੇ ਅੱਠ ਘੰਟੇ ਪੁੱਛਗਿੱਛ

Current Updates

Leave a Comment