September 28, 2026
ਖਾਸ ਖ਼ਬਰਰਾਸ਼ਟਰੀ

ਆਸਾਮ ਦੇ ਮੁੱਖ ਮੰਤਰੀ ਨੇ ਕਾਂਗਰਸ ਆਗੂ ’ਤੇ ਲਾਏ ਪਾਕਿਸਤਾਨੀ ਏਜੰਟ ਨਾਲ ‘ਡੂੰਘੇ ਸਬੰਧ’ ਦੇ ਦੋਸ਼

ਆਸਾਮ ਦੇ ਮੁੱਖ ਮੰਤਰੀ ਨੇ ਕਾਂਗਰਸ ਆਗੂ ’ਤੇ ਲਾਏ ਪਾਕਿਸਤਾਨੀ ਏਜੰਟ ਨਾਲ ‘ਡੂੰਘੇ ਸਬੰਧ’ ਦੇ ਦੋਸ਼

ਗੁਵਾਹਾਟੀ: ਅਸਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਅਤੇ ਉਨ੍ਹਾਂ ਦੀ ਬ੍ਰਿਟਿਸ਼ ਪਤਨੀ ਐਲਿਜ਼ਾਬੈੱਥ ਕੋਲਬਰਨ ਦੇ ਪਾਕਿਸਤਾਨੀ ਨਾਗਰਿਕ ਅਲੀ ਤੌਕੀਰ ਸ਼ੇਖ ਵਿਚਕਾਰ ‘ਡੂੰਘੇ ਸਬੰਧ’ ਹਨ ਅਤੇ ਖੁਫ਼ੀਆ ਬਿਊਰੋ (ਆਈ.ਬੀ.) ਤੋਂ ਮਿਲੀ ਸੂਚਨਾ ਗੁਪਤ ਰੂਪ ’ਚ ਗੁਆਂਢੀ ਦੇਸ਼ ਨੂੰ ਦਿਤੀ ਗਈ ਸੀ। ਸੂਬੇ ’ਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਥੇ ਇਕ ਪ੍ਰੈੱਸ ਕਾਨਫ਼ਰੰਸ ’ਚ ਸ਼ਰਮਾ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਐਲਿਜ਼ਾਬੈੱਥ ਭਾਰਤ ’ਚ ਤੌਕੀਰ ਦੇ ‘ਲੀਡ ਪਾਕਿਸਤਾਨ’ ਸੰਗਠਨ ਲਈ ਕੰਮ ਕਰ ਰਹੀ ਸੀ, ਤਾਂ ਸ਼ੇਖ ਵਲੋਂ ਉਨ੍ਹਾਂ ਨੂੰ ਤਨਖ਼ਾਹ ਦਾ ਭੁਗਤਾਨ ਕਰਨ ਲਈ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐਫ਼.ਸੀ.ਆਰ.ਏ.) ਦੀ ਉਲੰਘਣਾ ਕੀਤੀ ਗਈ ਸੀ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਗੋਗੋਈ ਉਤੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਗੈਰ 2013 ’ਚ ‘ਬੇਹੱਦ ਗੁਪਤ ਢੰਗ ਨਾਲ’ ਪਾਕਿਸਤਾਨ ਜਾਣ ਦਾ ਦੋਸ਼ ਲਗਾਇਆ ਅਤੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਨੇ ਉਥੇ ‘ਕਿਸੇ ਤਰ੍ਹਾਂ ਦੀ ਸਿਖਲਾਈ’ ਪ੍ਰਾਪਤ ਕੀਤੀ ਸੀ। ਸ਼ਰਮਾ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਐਲਿਜ਼ਾਬੈੱਥ ਅਤੇ ਅਲੀ ਤੌਕੀਰ ਸ਼ੇਖ ਇਕ ਕੌਮਾਂਤਰੀ ਸਾਜ਼ਸ਼ ਦਾ ਹਿੱਸਾ ਸਨ।’’ ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਨੇ ਭਾਰਤ ਸਰਕਾਰ ਨੂੰ ਦਰਕਿਨਾਰ ਕਰਦਿਆਂ ਸਥਾਨਕ ਸੰਸਥਾ ਏਜੰਸੀਆਂ ਨਾਲ ਕੰਮ ਕੀਤਾ ਅਤੇ ਇਸ ਦੀ ਜਾਂਚ ਅਸਮ ਪੁਲਿਸ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, ‘‘ਇਸ ਲਈ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੌਮੀ ਜਾਂਚ ਕਰਵਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ।’’

ਇਸ ਦੌਰਾਨ, ਸੂਬਾ ਕਾਂਗਰਸ ਮੁਖੀ ਗੋਗੋਈ ਨੇ ਸ਼ਰਮਾ ਦੀ ਪ੍ਰੈੱਸ ਕਾਨਫ਼ਰੰਸ ਨੂੰ ‘ਸੀ-ਗ੍ਰੇਡ ਦੇ ਸਿਨੇਮਾ ਤੋਂ ਵੀ ਬਦਤਰ’ ਅਤੇ ‘ਸੂਪਰ ਫ਼ਲਾਪ’ ਕਰਾਰ ਦਿਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ‘ਐਕਸ’ ’ਤੇ ਇਕ ਪੋਸਟ ’ਚ ਗੋਗੋਈ ਨੇ ਕਿਹਾ, ‘‘ਮੈਨੂੰ ਦਿੱਲੀ ਅਤੇ ਅਸਮ ਦੇ ਉਨ੍ਹਾਂ ਪੱਤਰਕਰਾਂ ਉਤੇ ਤਰਸ ਆਉਂਦਾ ਹੈ ਜਿਨ੍ਹਾਂ ਨੂੰ ਸਦੀ ਦੀ ਸਭ ਤੋਂ ‘ਫ਼ਲਾਪ ਪ੍ਰੈੱਸ ਕਾਨਫ਼ਰੰਸ ਸੰਮੇਲਨ’ ਝਲਣੀ ਪਈ। ਇਹ ਇਕ ਸੀ-ਗ੍ਰੇਡ ਸਿਨੇਮਾ ਤੋਂ ਵੀ ਬਦਤਰ ਸੀ। ਇਹ ‘ਸੂਪਰਫ਼ਲਾਪ’ ਸਾਡੀ ਸਮਾਂ ਪਰਿਵਰਤਨ ਯਾਤਰਾ ਤੋਂ ਬਿਲਕੁਲ ਉਲਟ ਹੈ ਜੋ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਵਲੋਂ ਕਬਜ਼ਾ ਕੀਤੀ ਗਈ 12 ਹਜ਼ਾਰ ਵਿੱਘੇ ਜ਼ਮੀਨ ਨੂੰ ਉਜਾਗਰ ਕਰਨ ’ਚ ਸਫ਼ਲ ਰਹੀ ਹੈ।’’

ਉਧਰ ਮੁੱਖ ਮੰਤਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਗੋਗੋਈ ਦੇ ਪੁੱਤਰ ਨੇ ਬ੍ਰਿਟਿਸ਼ ਨਾਗਰਿਕਤਾ ਮਿਲਣ ਮਗਰੋਂ ਅਪਣਾ ਭਾਰਤੀ ਪਾਸਪੋਰਟ ਸੌਂਪ ਦਿਤਾ ਸੀ। ਉਨ੍ਹਾਂ ਕਿਹਾ, ‘‘ਗੌਰਵ ਦਾ ਬੇਟਾ ਭਾਰਤੀ ਪਾਸਪੋਰਟ ’ਚ ਧਰਮ ਦੇ ਰੂਪ ’ਚ ਹਿੰਦੂ ਲਿਖਦਾ ਸੀ, ਪਰ ਨਾਗਰਿਕਤਾ ਬਦਲਣ ਤੋਂ ਬਾਅਦ ਉਸ ਨੇ ਅਜਿਹਾ ਕਰਨਾ ਬੰਦ ਕਰ ਦਿਤਾ। ਉਨ੍ਹਾਂ ਦੀ ਬੇਟੀ ਨੇ ਬ੍ਰਿਟਿਸ਼ ਪਾਸਪੋਰਟ ’ਚ ਇਸਾਈ ਲਿਖਿਆ ਹੈ। ਪਾਸਪੋਰਟ ’ਚ ਗੌਰਵ ਦਾ ਧਰਮ ਹਿੰਦੂ ਹੈ। ਇਸ ਲਈ, ਉਹ ਅਪਣੇ ਘਰ ’ਚ ਹਮੇਸ਼ਾ ਘੱਟਗਿਣਤੀ ਰਹਿਣਗੇ।’’

Related posts

ਜਿੱਤ ਦਾ ਸਿਹਰਾ ਟੀਮ ਦੇ ਹਰ ਮੈਂਬਰ ਸਿਰ: ਹਰਮਨਪ੍ਰੀਤ

Current Updates

ਅਰਾਵਲੀ ਪਰਬਤ ਮਾਲਾ: ਸੁਪਰੀਮ ਕੋਰਟ ਵੱਲੋਂ ਆਪਣੇ 20 ਨਵੰਬਰ ਦੇ ਨਿਰਦੇਸ਼ਾਂ ’ਤੇ ਰੋਕ

Current Updates

ਪੁਲੀਸ ‘ਤੇ ਗੋਲੀ ਚਲਾ ਕੇ ਭੱਜ ਰਿਹਾ ਸੀ ਗੈਂਗਸਟਰ ਸਾਹਿਲ; ਲੱਤ ‘ਚ ਗੋਲੀ ਲੱਗਣ ਮਗਰੋਂ ਕਾਬੂ

Current Updates

Leave a Comment