ਅੰਮ੍ਰਿਤਸਰ- ਪੰਜਾਬ ਪੁਲੀਸ ਦੀ ਟੀਮ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈਣ ਲਈ ਡਿਬਰੂਗੜ੍ਹ ਪੁੱਜ ਗਈ ਹੈ। ਇਸ ਟੀਮ ਵਿਚ ਪੰਜ ਮੈਂਬਰ ਹਨ। ਪੰਜਾਬ ਪੁਲੀਸ ਦੀ ਟੀਮ ਹੁਣ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਵੇਗੀ ਅਤੇ ਉੱਥੋਂ ਅੰਮ੍ਰਿਤਸਰ ਪਹੁੰਚਾਇਆ ਜਾਵੇਗਾ। ਇਸ ਮਗਰੋਂ ਸੜਕ ਰਸਤੇ ਜੱਲੂਪੁਰ ਖੇੜਾ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਲਿਜਾਇਆ ਜਾਵੇਗਾ। ਉਨ੍ਹਾਂ ਦੀ ਪੂਰੀ ਯਾਤਰਾ ਦੌਰਾਨ ਪੰਜਾਬ ਪੁਲੀਸ ਮੌਜੂਦ ਰਹੇਗੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਸਸਕਾਰ 21 ਨਵੰਬਰ ਨੂੰ ਕਰਨ ਲਈ ਪਰਿਵਾਰ ਅਤੇ ਜਥੇਬੰਦੀ ਵੱਲੋਂ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਜਾ ਰਿਹਾ।
ਪੰਜਾਬ ਪੁਲੀਸ ਦੀ ਇਕ ਟੀਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹਵਾਈ ਜਹਾਜ਼ ਰਾਹੀਂ ਉਸ ਨੂੰ 20 ਨਵੰਬਰ ਨੂੰ ਦਿੱਲੀ ਲੈ ਕੇ ਆਵੇਗੀ ਅਤੇ ਰਾਤ ਉਸ ਨੂੰ ਦਿੱਲੀ ਵਿੱਚ ਹੀ ਰੱਖਣ ਦੀ ਸੰਭਾਵਨਾ ਹੈ ਜਿੱਥੋਂ ਅਗਲੇ ਦਿਨ 21 ਨਵੰਬਰ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਜਾਵੇਗਾ। ਉਹ 12 ਤੋਂ 3 ਵਜੇ ਤੱਕ ਪਿੰਡ ਜਲੂਪੁਰ ਖੇੜਾ ਵਿਚ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਵੇਗਾ। ਇਸ ਦੌਰਾਨ ਇੱਥੇ ਵੀ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਉਣ ਅਤੇ ਵਾਪਸ ਲੈ ਜਾਣ ਵਾਸਤੇ ਇਸ ਦਾ ਸਾਰਾ ਖਰਚਾ ਪਰਿਵਾਰ ਵੱਲੋਂ ਦਿੱਤਾ ਗਿਆ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਸੁਰੱਖਿਆ ਕਰਮਚਾਰੀਆਂ ਦੇ ਆਉਣ ਜਾਣ ਦਾ ਹਵਾਈ ਕਿਰਾਇਆ ਅਤੇ ਹੋਰ ਖਰਚੇ ਸ਼ਾਮਿਲ ਹਨ। ਇਹ ਖਰਚਾ ਲਗਪਗ 10 ਲੱਖ ਰੁਪਏ ਹੈ, ਜਿਸ ਵਿੱਚ ਲਗਪਗ ਸਾਢੇ 7 ਲੱਖ ਰੁਪਏ ਹਵਾਈ ਟਿਕਟਾਂ ਦਾ ਖਰਚਾ ਸ਼ਾਮਲ ਹੈ।
ਇਸ ਦੀ ਪੁਸ਼ਟੀ ਕਰਦਿਆ ਉਹਨਾਂ ਦੇ ਵਕੀਲ ਐਡਵੋਕੇਟ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਅਦਾਲਤ ਵੱਲੋਂ ਕੀਤੇ ਗਏ ਆਦੇਸ਼ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ 12 ਤੋਂ 3 ਵਜੇ ਤੱਕ ਸਿਰਫ ਤਿੰਨ ਘੰਟੇ ਵਾਸਤੇ ਪਿੰਡ ਜੱਲੂਪੁਰ ਖੇੜਾ ਵਿਖੇ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੂੰ ਲਿਆਉਣ ਅਤੇ ਵਾਪਸ ਲੈ ਜਾਣ ਅਤੇ ਸੁਰੱਖਿਆ ਕਰਮਚਾਰੀਆਂ ਦੇ ਆਉਣ ਜਾਣ ਦਾ ਕਿਰਾਇਆ ਤੇ ਹੋਰ ਖਰਚੇ ਪਰਿਵਾਰ ਵੱਲੋਂ ਦਿੱਤੇ ਗਏ ਹਨ। ਅਦਾਲਤ ਦੇ ਆਦੇਸ਼ ਦੇ ਮੁਤਾਬਕ ਉਹਨਾਂ ਦੇ ਚਾਚਾ ਅਤੇ ਭੂਆ ਦੇ ਪੁੱਤ ਦੋਵਾਂ ਨੂੰ ਵੀ ਨਿਰਧਾਰਿਤ ਸਮੇਂ ਤੇ ਹੀ ਜੱਲੂਪੁਰ ਖੇੜਾ ਪਿੰਡ ਵਿੱਚ ਸਸਕਾਰ ਸਮੇ ਲਿਆਂਦਾ ਜਾਵੇਗਾ।
8 ਨਵੰਬਰ ਨੂੰ ਹੋਇਆ ਸੀ ਦਾਦੀ ਦਾ ਦੇਹਾਂਤ- ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ (84) ਦਾ 8 ਨਵੰਬਰ ਨੂੰ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ। ਪਰਿਵਾਰ ਨੇ ਉਨ੍ਹਾਂ ਦਾ ਸਸਕਾਰ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਕਰਨ ਲਈ ਰੋਕਿਆ ਹੋਇਆ ਸੀ। ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ 14 ਨਵੰਬਰ ਨੂੰ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੀ ਸੀ ਪਰ ਥੋੜ੍ਹੇ ਸਮੇਂ ਵਿੱਚ ਆਵਾਜਾਈ ਦੇ ਪ੍ਰਬੰਧ ਨਾ ਹੋ ਸਕਣ ਕਾਰਨ ਉਹ ਪੰਜਾਬ ਨਹੀਂ ਪਹੁੰਚ ਸਕੇ। ਇਸ ਮਗਰੋਂ ਪਰਿਵਾਰ ਨੇ ਸਸਕਾਰ ਦੀ ਤਰੀਕ ਅੱਗੇ ਪਾ ਦਿੱਤੀ ਸੀ। ਅੰਮ੍ਰਿਤਸਰ ਦੀ ਅਦਾਲਤ ਨੇ 17 ਨਵੰਬਰ ਨੂੰ ਨਵੀਂ ਅਰਜ਼ੀ ’ਤੇ ਸੁਣਵਾਈ ਕਰਦਿਆਂ 21 ਨਵੰਬਰ ਨੂੰ ਤਿੰਨ ਘੰਟੇ ਦੀ ਹਿਰਾਸਤੀ ਪੈਰੋਲ ਮਨਜ਼ੂਰ ਕੀਤੀ ਸੀ।
ਸਸਕਾਰ ਤੋਂ ਬਾਅਦ ਦੀਆਂ ਰਸਮਾਂ ਵੀਡੀਓ ਕਾਨਫਰੰਸਿੰਗ ਰਾਹੀਂ- ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ 21 ਨਵੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਹੀ ਪਿੰਡ ਵਿੱਚ ਰਹਿ ਸਕਣਗੇ। ਉਨ੍ਹਾਂ ਨੂੰ ਸਸਕਾਰ ਤੋਂ ਇਲਾਵਾ ਕਿਸੇ ਹੋਰ ਸਮਾਗਮ ਜਾਂ ਜਨਤਕ ਇਕੱਠ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹ 22 ਨਵੰਬਰ ਨੂੰ ਅਸਥੀਆਂ ਚੁਗਣ ਦੀ ਰਸਮ ਵਿਚ ਅਤੇ 23 ਨਵੰਬਰ ਨੂੰ ਅਖੰਡ ਪਾਠ ਭੋਗ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ। ਅਦਾਲਤ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਜਾਂ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਪੈਦਾ ਹੋਣ ’ਤੇ ਪ੍ਰਸ਼ਾਸਨ ਉਨ੍ਹਾਂ ਨੂੰ ਤੁਰੰਤ ਸਸਕਾਰ ਵਾਲੀ ਥਾਂ ਤੋਂ ਹਟਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਪਰੈਲ 2023 ਵਿੱਚ ਗ੍ਰਿਫ਼ਤਾਰੀ ਮਗਰੋਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਆਪਣੇ ਜੱਦੀ ਪਿੰਡ ਪਹੁੰਚਣਗੇ।
