October 11, 2026
ਖਾਸ ਖ਼ਬਰਪੰਜਾਬਰਾਸ਼ਟਰੀ

ਤੇਜਿੰਦਰ ਮਹਿਤਾ ਨੇ ਲਿਖਿਆ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਪੱਤਰ

ਤੇਜਿੰਦਰ ਮਹਿਤਾ ਨੇ ਲਿਖਿਆ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਪੱਤਰ

ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਕਾਇਆ ਬਿਜਲੀ ਬਿੱਲਾਂ ਕਾਰਨ ਕਿਸੇ ਵੀ ਖਪਤਕਾਰ ਦਾ ਕਨੈਕਸ਼ਨ ਕੱਟਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 15 ਦਿਨਾਂ ਦਾ ਲਿਖਤੀ ਨੋਟਿਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਿਲਿੰਗ ਪ੍ਰਕਿਰਿਆ ਵਿੱਚ ਆਈਆਂ ਦਿੱਕਤਾਂ ਕਾਰਨ ਕਈ ਖਪਤਕਾਰਾਂ ਨੂੰ ਬਿੱਲ ਦੀ ਕਾਪੀ ਸਮੇਂ ਸਿਰ ਨਹੀਂ ਮਿਲੀ ਅਤੇ ਸਿਰਫ਼ ਐਸਐਮਐਸ ਰਾਹੀਂ ਬਿੱਲ ਦੀ ਜਾਣਕਾਰੀ ਦਿੱਤੀ ਗਈ, ਜਿਸ ਕਾਰਨ ਬਿੱਲ ਭਰਨ ਦੇ ਇੱਛੁਕ ਆਮ ਨਾਗਰਿਕਾਂ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੇਜਿੰਦਰ ਮਹਿਤਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੀਟਰ ਰੀਡਿੰਗ ਅਤੇ ਬਿਲਿੰਗ ਪ੍ਰਕਿਰਿਆ ਵਿੱਚ ਆਈਆਂ ਰੁਕਾਵਟਾਂ ਕਾਰਨ ਕਈ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਕਾਪੀ ਸਮੇਂ ਸਿਰ ਪ੍ਰਾਪਤ ਨਹੀਂ ਹੋਈ। ਕਈ ਮਾਮਲਿਆਂ ਵਿੱਚ ਬਿੱਲ ਦੀ ਰਕਮ ਅਤੇ ਬਿੱਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਸਬੰਧੀ ਜਾਣਕਾਰੀ ਸਿਰਫ਼ ਐਸਐਮਐਸ ਰਾਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਰ ਖਪਤਕਾਰ ਵੱਲੋਂ ਮੋਬਾਈਲ ’ਤੇ ਆਉਣ ਵਾਲੇ ਹਰ ਐਸਐਮਐਸ ਨੂੰ ਤੁਰੰਤ ਦੇਖਣਾ ਸੰਭਵ ਨਹੀਂ ਹੁੰਦਾ, ਖਾਸ ਕਰਕੇ ਬਜ਼ੁਰਗਾਂ ਅਤੇ ਘੱਟ ਤਕਨੀਕੀ ਜਾਣਕਾਰੀ ਰੱਖਣ ਵਾਲੇ ਲੋਕਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਅਜਿਹੇ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਜੋ ਬਿੱਲ ਦੀ ਅਦਾਇਗੀ ਕਰਨ ਦੇ ਸਮਰੱਥ ਅਤੇ ਇੱਛੁਕ ਹਨ, ਪਰ ਉਨ੍ਹਾਂ ਨੂੰ ਬਿੱਲ ਦੀ ਸਪਸ਼ਟ ਅਤੇ ਸਮੇਂ ਸਿਰ ਜਾਣਕਾਰੀ ਨਹੀਂ ਮਿਲੀ। ਇਸ ਕਾਰਨ ਆਮ ਨਾਗਰਿਕਾਂ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਹਿਤਾ ਨੇ ਆਪਣੇ ਪੱਤਰ ਵਿੱਚ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ‘ਇਲੈਕਟ੍ਰਿਸਿਟੀ ਸਪਲਾਈ ਕੋਡ, 2024’ ਦੇ ਰੈਗੂਲੇਸ਼ਨ 41(10) ਅਤੇ 44(1) ਦਾ ਹਵਾਲਾ ਦਿੰਦਿਆਂ ਕਿਹਾ ਕਿ ਬਿੱਲ ਦੀ ਡਿਲਿਵਰੀ ਅਤੇ ਬਕਾਇਆ ਬਿੱਲ ਕਾਰਨ ਬਿਜਲੀ ਸਪਲਾਈ ਕੱਟਣ ਤੋਂ ਪਹਿਲਾਂ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਨੈਕਸ਼ਨ ਕੱਟਣ ਤੋਂ ਪਹਿਲਾਂ ਖਪਤਕਾਰ ਨੂੰ ਨਿਯਮਾਂ ਅਨੁਸਾਰ ਲਿਖਤੀ ਨੋਟਿਸ ਦੇਣਾ ਲਾਜ਼ਮੀ ਹੈ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਵਲ ਐਸਐਮਐਸ ਰਾਹੀਂ ਬਿੱਲ ਦੀ ਰਕਮ ਦੱਸੇ ਜਾਣ ਨੂੰ ਕਨੈਕਸ਼ਨ ਕੱਟਣ ਦਾ ਆਧਾਰ ਨਾ ਬਣਾਇਆ ਜਾਵੇ, ਖਾਸ ਕਰਕੇ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਖਪਤਕਾਰ ਨੂੰ ਬਿੱਲ ਦੀ ਕਾਪੀ ਪ੍ਰਾਪਤ ਨਹੀਂ ਹੋਈ। ਜਿਨ੍ਹਾਂ ਖਪਤਕਾਰਾਂ ਦੇ ਕਨੈਕਸ਼ਨ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਉਹ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਲਈ ਤਿਆਰ ਹਨ, ਉਨ੍ਹਾਂ ਦੇ ਮਾਮਲਿਆਂ ਦੀ ਹਮਦਰਦੀਪੂਰਵਕ ਸਮੀਖਿਆ ਕਰਕੇ ਰਾਹਤ ਦੇਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੀਐਸਪੀਸੀਐਲ ਵੱਲੋਂ ਆਮ ਖਪਤਕਾਰਾਂ ਦੇ ਹਿੱਤ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

Related posts

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਭਾਸ਼ਾ ਦੀ ਵਰਤੋਂ ਵਿੱਚ ਮਿਠਾਸ ਬਹਾਲ ਕਰਨ ਹਿੱਤ ਉਪਰਾਲੇ

Current Updates

48 ਘੰਟਿਆਂ ਦਾ ਅਲਟੀਮੇਟਮ: CJP ਨੇ ਚੋਣ ਕਮਿਸ਼ਨ ਦੇ ਮੁਖੀ ਗਿਆਨੇਸ਼ ਕੁਮਾਰ ਤੋਂ ਮੰਗਿਆ ਅਸਤੀਫ਼ਾ

Current Updates

ਰਿਆਧ ਵਿੱਚ ਅਮਰੀਕੀ ਦੂਤਾਵਾਸ ‘ਤੇ ਹਮਲਾ

Current Updates

Leave a Comment