ਆਕਲੈਂਡ- ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਦੋਵਾਂ ਦੇਸ਼ਾਂ ਦੇ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਰਵਾਏ ਗਏ ਮੁਕਾਬਲੇ ਦਾ ਤੀਜਾ ਅਤੇ ਆਖ਼ਰੀ ਮੈਚ 2-2 ਨਾਲ ਡਰਾਅ ਖੇਡਿਆ ਅਤੇ ਇਸ ਤਰ੍ਹਾਂ ਲੜੀ 1-0 ਨਾਲ ਆਪਣੇ ਨਾਮ ਕੀਤੀ। ਭਾਰਤ ਤਿੰਨਾਂ ਮੈਚਾਂ ਵਿੱਚ ਅਜੇਤੂ ਰਿਹਾ। ਉਸ ਨੇ 19 ਨਵੰਬਰ ਨੂੰ ਪਹਿਲੇ ਮੈਚ ਵਿੱਚ 3-2 ਨਾਲ ਜਿੱਤ ਦਰਜ ਕੀਤੀ ਸੀ, ਜਿਸ ਨਾਲ ਲੜੀ ਦਾ ਨਤੀਜਾ ਤੈਅ ਹੋਇਆ ਕਿਉਂਕਿ ਉਸ ਤੋਂ ਬਾਅਦ ਦੋ ਮੈਚ 2-2 ਨਾਲ ਡਰਾਅ ਰਹੇ। ਨਿਊਜ਼ੀਲੈਂਡ ਨੇ ਤੀਜੇ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਨੇ ਡਾਇਲਨ ਥਾਮਸ ਦੇ ਨੌਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਬੜ੍ਹਤ ਹਾਸਲ ਕੀਤੀ। ਭਾਰਤੀ ਟੀਮ ਨੇ ਹਾਲਾਂਕਿ ਛੇਤੀ ਹੀ ਲੈਅ ਹਾਸਲ ਕਰ ਲਈ ਅਤੇ ਕਪਤਾਨ ਸੰਜੇ ਨੇ 16ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ।
ਭਾਰਤ ਨੇ ਇਸ ਤੋਂ ਦੋ ਮਿੰਟ ਬਾਅਦ ਹੀ ਕਾਰਤੀ ਸੇਲਵਮ ਦੇ ਮੈਦਾਨੀ ਗੋਲ ਦੀ ਮਦਦ ਨਾਲ 2-1 ਦੀ ਬੜ੍ਹਤ ਹਾਸਲ ਕਰ ਲਈ। ਭਾਰਤ ਨੇ ਮੈਚ ਦੇ ਆਖ਼ਰੀ ਪੜਾਅ ਤੱਕ ਆਪਣੀ ਬੜ੍ਹਤ ਕਾਇਮ ਰੱਖੀ, ਪਰ ਨਿਊਜ਼ੀਲੈਂਡ ਨੇ ਬਰਾਬਰੀ ਦਾ ਗੋਲ ਕਰਨ ਲਈ ਲਗਾਤਾਰ ਯਤਨ ਜਾਰੀ ਰੱਖੇ। ਅਖ਼ੀਰ ਵਿੱਚ 55ਵੇਂ ਮਿੰਟ ਵਿੱਚ ਉਸ ਦੀ ਕੋਸ਼ਿਸ਼ ਰੰਗ ਲਿਆਈ ਜਦੋਂ ਬੈਂਜੀ ਕੁਲਹੇਨ ਨੇ ਮੈਦਾਨੀ ਗੋਲ ਦਾਗ਼ ਕੇ ਸਕੋਰ 2-2 ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਜੇਤੂ ਗੋਲ ਕਰਨ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਅਤੇ ਇਸ ਤਰ੍ਹਾਂ ਮੈਚ ਡਰਾਅ ’ਤੇ ਖ਼ਤਮ ਹੋਇਆ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡ ਸਬੰਧਾਂ ਦੀ ਸ਼ੁਰੂਆਤ 1926 ਵਿੱਚ ਹੋਈ ਸੀ ਜਦੋਂ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੀ ਅਗਵਾਈ ਵਾਲੀ ਭਾਰਤੀ ਫ਼ੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ।
