November 23, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸਰਕਾਰਾਂ ਦਾ ਕੰਮ ਧਰਨੇ-ਮੁਜ਼ਾਹਰੇ ਕਰਵਾਉਣ ਦੀ ਥਾਂ ਸੂਬੇ ਦਾ ਵਿਕਾਸ ਕਰਨਾ ਹੁੰਦਾ ਹੈ

ਸਰਕਾਰਾਂ ਦਾ ਕੰਮ ਧਰਨੇ-ਮੁਜ਼ਾਹਰੇ ਕਰਵਾਉਣ ਦੀ ਥਾਂ ਸੂਬੇ ਦਾ ਵਿਕਾਸ ਕਰਨਾ ਹੁੰਦਾ ਹੈ

ਧੂਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਨੇੜਲੇ ਪਿੰਡ ਕਹੇਰੂ/ਜਹਾਂਗੀਰ ਕੋਲ ਲਗਪਗ 39 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਰਕਬੇ ਵਿੱਚ ਬਣੇ ਹਾਕੀ ਇਨਡੋਰ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦਾ ਭਰਵਾਂ ਸਵਾਗਤ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਹਲਕੇ ਵਿੱਚ ਹਾਕੀ ਵੱਡੇ ਪੱਧਰ ’ਤੇ ਖੇਡੀ ਜਾਂਦੀ ਹੈ। ਇਹ ਸਟੇਡੀਅਮ ਇਲਾਕੇ ਨੂੰ ਖੇਡਾਂ ਦੇ ਵੱਡੇ ਕੇਂਦਰ (ਹੱਬ) ਵਜੋਂ ਵਿਕਸਤ ਕਰੇਗਾ, ਜਿੱਥੇ ਖਿਡਾਰੀ ਖੇਡਣ ਦੇ ਨਾਲ-ਨਾਲ ਹਾਕੀ ਦੀ ਸਿਖਲਾਈ ਵੀ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇੱਥੇ ਹੋਰਨਾਂ ਖੇਡਾਂ ਲਈ ਬਣ ਰਿਹਾ ਇਨਡੋਰ ਸਟੇਡੀਅਮ ਵੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਕਿਉਂਕਿ ਸੂਬਾ ਸਰਕਾਰ ਕੋਲ ਖੇਡਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਬਜਟ ਵਿੱਚ ਦੁੱਗਣਾ-ਤਿੱਗਣਾ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ, ਜਿਸ ਲਈ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ਹਾਕੀ ਏਸ਼ੀਆ ਕੱਪ ਦੀ ਸਫ਼ਲ ਮੇਜ਼ਬਾਨੀ ਕੀਤੀ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਮਾਣ ਨਾਲ ਕਿਹਾ ਕਿ ਕੌਮੀ ਹਾਕੀ ਟੀਮ ਦੇ 11 ਵਿੱਚੋਂ 9 ਖਿਡਾਰੀ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਜਲਦੀ ਹੀ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਸੂਬੇ ਦੇ 3100 ਖੇਡ ਸਟੇਡੀਅਮਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 1600 ਤੋਂ 1700 ਸਟੇਡੀਅਮ ਤਿਆਰ ਕੀਤੇ ਜਾ ਚੁੱਕੇ ਹਨ।

ਇਸ ਮੌਕੇ ਇੱਕ ਵੱਖਰੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਸੂਬੇ ਵਿੱਚ ਧਰਨੇ-ਮੁਜ਼ਾਹਰੇ ਕਰਵਾਉਣਾ ਨਹੀਂ, ਸਗੋਂ ਵਿਕਾਸ ਕਾਰਜ ਕਰਵਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਟੋਭਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਅਤੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਣ ਨਾਲ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਨਵੀਆਂ ਸੜਕਾਂ, ਨਵੇਂ ਖੇਡ ਸਟੇਡੀਅਮ, ਵੱਡੇ ਪੱਧਰ ’ਤੇ ਸਰਕਾਰੀ ਨੌਕਰੀਆਂ ਦੇਣ ਸਮੇਤ ਨਸ਼ਿਆਂ ਦੇ ਖ਼ਾਤਮੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਸਮਾਗਮ ਦੌਰਾਨ ਓ.ਐੱਸ.ਡੀ. ਸੁਖਬੀਰ ਸਿੰਘ ਸੁੱਖੀ, ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਹਰਜਿੰਦਰ ਸਿੰਘ ਕਾਂਝਲਾ, ਗਗਨ ਜਵੰਦਾ ਅਤੇ ਰਛਪਾਲ ਸਿੰਘ ਭੁੱਲਰਹੇੜੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Related posts

ਵਿਸ਼ਵ ਪ੍ਰਸਿੱਧ ‘ਅੰਮ੍ਰਿਤਸਰੀ ਕੁਲਚੇ’ ਨੂੰ GI ਟੈਗ ਦਵਾਉਣ ਲਈ ਪ੍ਰਸ਼ਾਸਨਿਕ ਚਾਰਾਜੋਈ ਸ਼ੁਰੂ; DC ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ

Current Updates

ਖੇਲੋ ਇੰਡੀਆ: ਨਿਸ਼ਾਨੇਬਾਜ਼ੀ ’ਚ ਮਾਯੰਕ ਤੇ ਪ੍ਰਾਚੀ ਨੇ ਸੋਨ ਤਗ਼ਮੇ ਜਿੱਤੇ

Current Updates

ਫਗਵਾੜਾ ਵਿਚ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼

Current Updates

Leave a Comment